ਪਟਿਆਲਾ, 14 ਜੂਨ (ਧਰਮਿੰਦਰ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਲੌਟ ਨੇ ਭਰੇ ਮਨ ਨਾਲ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸਾਰਿਆਂ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ | ਅਸਤੀਫ਼ਾ ਦੇਣ ਦਾ ਕਾਰਨਾਂ ਦਾ ਖ਼ੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਬਾਦਲ ਸਰਮਾਏਦਾਰਾਂ ਅਤੇ ਵਪਾਰੀ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਪਾਰਟੀ 'ਚ ਮਿਹਨਤੀ, ਇਮਾਨਦਾਰ ਅਤੇ ਵਫ਼ਾਦਾਰ ਲਈ ਕੋਈ ਜਗ੍ਹਾ ਨਹੀਂ ਅਤੇ ਭਾਈ ਲਾਲੋ ਦੇ ਵਾਰਿਸਾਂ ਕਿਰਤੀ ਲੋਕਾਂ ਤੇ ਗੁਰੂ ਨੂੰ ਮੰਨਣ ਵਾਲਿਆਂ ਦੀ ਕਦਰ ਨਹੀਂ ਅਤੇ ਸਰਮਾਏਦਾਰ ਤੇ ਪੈਸਿਆਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪਾਰਟੀ ਵਿਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਸਗੋਂ ਤਾਨਾਸ਼ਾਹੀ ਵਾਂਗ ਵਰਕਰਾਂ 'ਤੇ ਫ਼ੈਸਲੇ ਥੋਪੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸੇਵਾ ਕਰ ਰਿਹਾ ਹਾਂ, ਸਾਡਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਅਕਾਲੀ ਦਲ ਦਾ ਸਿਪਾਹੀ ਹੈ ਅਤੇ ਮੇਰੇ ਦਾਦਾ ਤੇ ਮੈਂ ਪਾਰਟੀ ਲਈ ਜੇਲ੍ਹਾਂ ਵੀ ਕੱਟੀਆਂ | ਉਨ੍ਹਾਂ ਕਿਹਾ ਪਾਰਟੀ ਨੂੰ ਛੱਡਣਾ ਮੇਰੇ ਲਈ ਬਹੁਤ ਦੁਖਦਾਈ ਹੈ ਪਰੰਤੂ ਪਾਰਟੀ ਵਿਚ ਵਪਾਰੀ ਲੋਕਾਂ ਦੀ ਸ਼ਮੂਲੀਅਤ ਨੇ ਪਾਰਟੀ ਨੂੰ ਆਮ ਲੋਕਾਂ ਤੋਂ ਦੂਰ ਕਰ ਦਿੱਤਾ ਹੈ ਜਿਸ ਕਾਰਨ ਪਿਛਲੀਆਂ ਸਾਰੀਆਂ ਚੋਣਾਂ 'ਚ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ | ਮੈਨੂੰ ਪਾਰਟੀ ਵਲੋਂ ਅਣਗੌਲਿਆ ਕਰਨ ਕਾਰਨ ਅਸਤੀਫ਼ਾ ਦੇ ਰਿਹਾ ਹਾਂ ਤੇ ਮੈਂ ਪੰਥ ਪ੍ਰਸਤੀ ਤੇ ਪੰਜਾਬ ਪ੍ਰਸਤੀ 'ਤੇ ਹਮੇਸ਼ਾ ਪਹਿਰਾ ਦਿੰਦਾ ਰਹਾਂਗਾ |