ਰਾਜਪੁਰਾ, 2 ਜੁਲਾਈ (ਜੀ.ਪੀ. ਸਿੰਘ)- ਰਾਜਪੁਰਾ ਦੀ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਸਮੇਂ ਆਮ ਆਦਮੀ ਪਾਰਟੀ ਵਲੋਂ ਪਹਿਲੀ ਵਾਰ ਇਤਿਹਾਸ ਰੱਚਿਆ ਗਿਆ, ਜਦੋਂ ਰਾਜਪੁਰਾ ਦੇ ਕੁੱਲ 31 ਵਾਰਡਾਂ ਵਿਚੋਂ ਜਿੱਤੇ ਆਮ ਆਦਮੀ ਪਾਰਟੀ ਦੇ ਸਿਰਫ਼ 7 ਕੌਂਸਲਰਾਂ ’ਚੋਂ ਵਾਰਡ ਨੰਬਰ 14 ਤੋਂ ਜਿੱਤੇ ਰਿਤੇਸ਼ ਬਾਂਸਲ ਨੂੰ ਪ੍ਰਧਾਨ, ਵਾਰਡ ਨੰਬਰ 31 ਤੋਂ ਜਿੱਤੇ ਦੇਸ ਰਾਜ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 17 ਤੋਂ ਜਿੱਤੀ ਕਲਪਨਾ ਕੁਕਰੇਜਾ ਨੂੰ ਮੀਤ ਪ੍ਰਧਾਨ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਅਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੀ ਮੌਜੂਦਗੀ ’ਚ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੀ ਮਦਦ ਨਾਲ ਚੁਣ ਲਿਆ ਗਿਆ ਤੇ ਬਾਕੀ ਵੱਖ-ਵੱਖ ਪਾਰਟੀਆਂ ਦੇ 24 ਕੌਂਸਲਰ ਦੇਖਦੇ ਹੀ ਰਹਿ ਗਏ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਕਾਨਫਰੰਸ ਹਾਲ ਦੇ ਨਾਲ ਵਾਲੇ ਕਮਰੇ `ਚ ਪਹਿਲਾਂ ਸਾਰੇ ਕੌਂਸਲਰਾਂ ਨੂੰ ਇਕ-ਇਕ ਕਰਕੇ ਸਹੁੰ ਚੁਕਾਈ ਗਈ ਤੇ ਫੇਰ ਆਮ ਆਦਮੀ ਪਾਰਟੀ ਦੇ 7 ਕੌਂਸਲਰਾਂ ਨੂੰ ਕਾਨਫਰੰਸ ਹਾਲ ’ਚ ਵਾੜ੍ਹ ਦਿੱਤਾ ਗਿਆ । ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ 9 ਕੌਂਸਲਰਾਂ ਅਤੇ 2 ਆਜਾਦ ਕੌਂਸਲਰਾਂ ਨੂੰ ਵੀ ਕਾਨਫਰੰਸ ਹਾਲ ਦੀ ਇਜਾਜ਼ਤ ਦਿੱਤੀ ਗਈ । ਇਸ ਤੋਂ ਕਾਂਗਰਸ ਪਾਰਟੀ ਦੇ 9 ਕੌਂਸਲਰ ਅਤੇ ਸ਼ੋਮਣੀ ਅਕਾਲੀ ਦਲ ਦੇ 4 ਕੌਂਸਲਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਕਾਨਫਰੰਸ ਹਾਲ ਤੋਂ ਬਾਹਰ ਰੋਕ ਲਿਆ । ਇਸੇ ਦੌਰਾਨ ਕਾਨਫਰੰਸ ਹਾਲ ਤੋਂ ਚੋਣ ਅਧਿਕਾਰੀ-ਕਮ-ਐੱਸ.ਡੀ.ਐਮ. ਰਵਿੰਦਰ ਸਿੰਘ ਨੇ ਰਿਤੇਸ਼ ਬਾਂਸਲ ਨੂੰ ਪ੍ਰਧਾਨ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕ ਅਤੇ ਕੌਂਸਲਰ ਮੌਕੇ ਤੋਂ ਜਲਦੀ ਬਾਹਰ ਨਿਕਲ ਕੇ ਚਲੇ ਗਏ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਅਤੇ ਸਮਰਥਕਾਂ ਨੇ ਭਾਜਪਾ ਕੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਅਤੇ ਅਕਾਲੀ ਦੇ ਹਲਕਾ ਇੰਚਾਰਜ ਜਥੇ. ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ’ਚ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਖ਼ਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ਅਤੇ ਰੈਲੀ ਦੇ ਰੂਪ ’ਚ ਰਾਜਪੁਰਾ-ਪਟਿਆਲਾ ਮਾਰਗ ’ਚ ਸਥਾਨਕ ਟਾਹਲੀ ਵਾਲਾ ਚੌਂਕ ਵਿਖੇ ਪਹੁੰਚ ਕੇ ਧਰਨਾ ਲਗਾ ਦਿੱਤਾ । ਜਿਸ ’ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਅਤੇ ਲੋਕਾਂ ਦੀ ਇਸ ਅੱਤ ਦੀ ਗਰਮੀ ’ਚ ਪ੍ਰੇਸ਼ਾਨੀ ਦੇਖਣ ਵਾਲੀ ਸੀ । ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਭਾਰਤੀ ਜਨਤਾ ਪਾਰਟੀ ਦੇ ਜਗਦੀਸ਼ ਜੱਗਾ ਅਤੇ ਅਕਾਲੀ ਦਲ ਦੇ ਜਥੇਦਾਰ ਗੜ੍ਹੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਸ਼ਰੇਆਮ ਘਾਣ ਹੋਇਆ ਹੈ ਤੇ ਉਹਨਾਂ ਨਾਲ ਹੋਏ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਹਾਈ ਕੋਰਟ ’ਚ ਇਸ ਚੋਣ ਨੂੰ ਚੁਣੌਤੀ ਦੇਣਗੇ।