ਭਾਦਸੋਂ, 4 ਜੁਲਾਈ (ਪ੍ਰਦੀਪ ਦੰਦਰਾਲਾ)-ਸਾਬਕਾ ਸੂਬਾ ਚੇਅਰਮੈਨ ਤੇ ਸਾ. ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਟਿਆਲਾ ਹਰਵਿੰਦਰ ਸਿੰਘ ਖਨੌੜਾ ਨੇ ਕਿਹਾ ਕਿ ਕੱਲ੍ਹ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੇ ਘਰ ਜਿਹੜਾ ਇਕੱਠ ਹੋਇਆ, ਜਿਸ ’ਚ ਸਾਰੇ ਹੀ ਕਾਂਗਰਸ ਪੰਜਾਬ ਦੀ ਮੇਨ ਲੀਡਰਸ਼ਿਪ ਦੇ ਦਿੱਗਜ ਨੇਤਾ ਪੁੱਜੇ। ਜਿਨ੍ਹਾਂ ’ਚ ਸਾ. ਮੰਤਰੀ, ਮੌਜੂਦਾ ਵਿਧਾਇਕ ਤੇ 68 ਹਲਕਾ ਇੰਚਾਰਜ ਪੁੱਜੇ ਉਸ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਮੀਟਿੰਗ ਨੇ ਇਹ ਸਾਬਤ ਕਰ ਦਿੱਤਾ ਕਿ ਸ. ਚੰਨੀ ਪੰਜਾਬ ਕਾਂਗਰਸ ’ਚ ਮਜਬੂਤ ਜੜ੍ਹਾਂ ਵਾਲੇ ਨੇਤਾ ਹਨ। ਵੱਡੀ ਗਿਣਤੀ ’ਚ ਆਗੂਆਂ ਤੇ ਵਰਕਰਾਂ ਦੀ ਸ਼ਮੂਲੀਅਤ ਨੂੰ ਚੰਨੀ ਦੀ ਸਿਆਸੀ ਪਕੜ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਹਾਈ ਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਸ. ਚੰਨੀ ਨੂੰ ਸੂਬੇ ਦੇ ਮੁਖੀ ਦੇ ਤੌਰ ’ਤੇ ਦੇਖਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਸੀ.ਐਮ. ਕੈਂਡੀਡੇਟ ਦੇ ਤੌਰ ’ਤੇ ਐਲਾਨਿਆ ਜਾਵੇ। ਖਨੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਤਕਰੀਬਨ 70, 75 ਹਲਕਾ ਇੰਚਾਰਜਾਂ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਇਕ ਕਮੇਟੀ ਬਣਾਈ ਗਈ। ਉਨ੍ਹਾਂ ਹਾਈ ਕਮਾਂਡ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਬਣਾਈ ਗਈ ਕਮੇਟੀ ਦਾ ਧਿਆਨ ਨਾਲ ਸਾਰਾ ਪੱਖ ਸੁਣ ਕੇ ਜਲਦੀ ਤੋਂ ਜਲਦੀ ਫੈਸਲਾ ਦਿੱਤਾ ਜਾਵੇ ਤਾਂ ਜੋ 2027 ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ।