ਸਨੌਰ, 4 ਜੁਲਾਈ (ਮੋਹਣ ਸਿੰਘ ਭੱਟੀ)-ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਈ ਗਈ “ਮੁੱਖ ਮੰਤਰੀ ਤੀਰਥ ਯਾਤਰਾ” ਸਕੀਮ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੇ ਤਹਿਤ ਅੱਜ ਪਿੰਡ ਚੌਰਾ, ਰਿਸ਼ੀ ਕਲੋਨੀ ਅਤੇ ਨਾਲ ਲੱਗਦੀਆਂ ਕਲੋਨੀਆਂ ਦੇ ਯਾਤਰੀ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਧਾਰਮਿਕ ਤੀਰਥ ਯਾਤਰਾ ਲਈ ਬੱਸ ਰਾਹੀਂ ਰਵਾਨਾ ਹੋਏ। ਇਸ ਮੌਕੇ ਯਾਤਰੀਆਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰੇ ਤੋਂ ਹੀ ਸੰਗਤਾਂ ਵਿਚ ਖੁਸ਼ੀ ਅਤੇ ਉਤਸੁਕਤਾ ਦਾ ਮਾਹੌਲ ਬਣਿਆ ਰਿਹਾ। ਬਜ਼ੁਰਗਾਂ, ਮਹਿਲਾਵਾਂ ਅਤੇ ਹੋਰ ਯਾਤਰੀਆਂ ਨੇ ਸਰਕਾਰ ਦੀ ਇਸ ਪਹਲ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਕੀਮ ਉਨ੍ਹਾਂ ਲਈ ਇੱਕ ਵੱਡਾ ਤੋਹਫ਼ਾ ਹੈ, ਜਿਸ ਨਾਲ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ ਹੈ। ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ ਸਰਪੰਚ ਅਤੇ ਬਲਾਕ ਪ੍ਰਧਾਨ ਵਲੋ ਇਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸਰਪੰਚ ਕਰਮਜੀਤ ਸਿੰਘ ਪਿੰਡ ਚੌਰਾ, ਲਾਭ ਸਿੰਘ ਪੰਚ ਰਿਸ਼ੀ ਕਲੋਨੀ, ਮਨਿੰਦਰ ਸਿੰਘ ਚੀਮਾ, ਪੰਚ ਸ਼ੇਰ ਸਿੰਘ, ਪੰਚ ਦਰਸ਼ਨ ਸਿੰਘ ਅਤੇ ਹੋਰ ਮੋਹਤਵਾਰ ਮੌਜੂਦ ਸਨ। ਉਨ੍ਹਾਂ ਵਲੋਂ ਯਾਤਰੀਆਂ ਨੂੰ ਸੁਖਦ ਅਤੇ ਸੁਰੱਖਿਅਤ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ਇਹ ਯੋਜਨਾ ਤਹਿਤ ਵੱਖ ਵੱਖ ਆਸਥਾਨਾਂ ਦੇ ਦਰਸ਼ਨ ਕਰਵਾਏ ਜਾਦੇ ਹਨ, ਇਹ ਯਾਤਰਾ ਬਜੁਰਗਾਂ ਵਾਸਤੇ ਮਹੱਤਵ ਪੂਰਨ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮਾਣ ਮਿਲ ਰਿਹਾ ਹੈ, ਸਗੋਂ ਸਮਾਜ ਵਿਚ ਏਕਤਾ ਅਤੇ ਸਾਂਝ ਦਾ ਸੰਦੇਸ਼ ਵੀ ਫੈਲ ਰਿਹਾ ਹੈ। ਯਾਤਰੀਆਂ ਨੇ ਵੀ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਯੋਜਨਾ ਨਾਲ ਖਾਸ ਕਰਕੇ ਗਰੀਬ ਅਤੇ ਮੱਧਵਰਗ ਪਰਿਵਾਰਾਂ ਨੂੰ ਵੱਡੀ ਸਹੂਲਤ ਮਿਲੀ ਹੈ, ਜਿਨ੍ਹਾਂ ਲਈ ਆਪਣੀ ਜੇਬ ਤੋਂ ਤੀਰਥ ਯਾਤਰਾ ਕਰਨਾ ਮੁਸ਼ਕਲ ਹੁੰਦਾ ਹੈ। ਇਸ ਯਾਤਰਾ ਨੂੰ ਲੈ ਕੇ ਸਰਧਾਲੂ ਵਿੱਚ ਉਤਸਾਹ ਨਜ਼ਰ ਆ ਰਿਹਾ ਸੀ।