ਬਨੂੜ 13 ਜੁਲਾਈ (ਭੁਪਿੰਦਰ ਸਿੰਘ)-ਬੀਤੀ ਰਾਤ ਚੋਰ ਗਰੋਹ ਨੇ ਨੇੜਲੇ ਪਿੰਡ ਹੁਲਕਾ ’ਚ ਇਕ ਘਰ ਵਿਚੋਂ ਅਲਮਾਰੀ ’ਚ ਪਏ 10 ਤੋਲੇ ਸੋਨੇ ਦੇ ਗਹਿਣੇ ਤੇ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਸਵ. ਨੈਬ ਸਿੰਘ ਨੇ ਦੱਸਿਆ ਕਿ ਉਹ ਮੱਝਾਂ ਦਾ ਦੁੱਧ ਵੇਚਣ ਦਾ ਕੰਮ ਕਰਦੇ ਹਨ ਅਤੇ ਉਸ ਦੇ ਪਰਿਵਾਰ ਵਿਚ ਉਸ ਦੀ ਬਜ਼ੁਰਗ ਮਾਤਾ, ਪਤਨੀ ਤੇ ਇਕ ਛੋਟਾ ਪੁੱਤਰ ਹੈ । ਬੀਤੀ ਰਾਤ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਸਾਰੇ ਜਣੇ ਇਕ ਕਮਰੇ ਵਿਚ ਸੌਂ ਗਏ ਅਤੇ ਰਾਤ ਸਵਾ 12 ਵਜੇ ਦੇ ਕਰੀਬ ਉਹ ਉੱਠੇ ਅਤੇ ਬਾਥਰੂਮ ਕਰਕੇ ਆਪਣੇ ਕਮਰੇ ਵਿਚ ਸੌਂ ਗਏ। ਅੱਜ ਜਦੋਂ ਸਵੇਰੇ ਤੜਕੇ ਪਸ਼ੂਆਂ ਨੂੰ ਪੱਠੇ ਪਾਉਣ ਤੇ ਦੁੱਧ ਕੱਢਣ ਲਈ ਉਠੇ ਤਾਂ ਦੇਖਿਆ ਕਿ ਕਮਰਿਆਂ ਦੇ ਮੁੱਖ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਜਦੋਂ ਉਹ ਕਮਰੇ ਵਿਚ ਵੜੇ ਤਾਂ ਦੇਖਿਆ ਕਿ ਅੰਦਰ ਅਲਮਾਰੀ ਅਤੇ ਪੇਟੀਆਂ ਵਿਚ ਸਾਮਾਨ ਖਿਲਰਿਆ ਪਿਆ ਸੀ। ਇਸ ਘਟਨਾ ਬਾਰੇ ਤੁਰੰਤ ਪਰਿਵਾਰਕ ਮੈਂਬਰ ਨੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖਜਾਨ ਸਿੰਘ ਹੁਲਕਾ ਤੇ ਸਰਪੰਚ ਮਨਜੀਤ ਸਿੰਘ ਹੁਲਕਾ ਨੂੰ ਸੂਚਿਤ ਕੀਤਾ। ਪੀੜਤ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਅਲਮਾਰੀ ਵਿਚ ਪਏ 10-12 ਤੋਲੇ ਸੋਨੇ ਦੇ ਗਹਿਣੇ ਤੇ ਸਵਾ ਲੱਖ ਰੁਪਏ ਦੀ ਨਕਦੀ ਗਾਇਬ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਚੋਰ ਗਰੋਹ ਕੰਧ ਟੱਪ ਕੇ ਘਰ ਵਿਚ ਦਾਖਲ ਹੋਏ। ਇਸ ਤੋਂ ਇਲਾਵਾ ਅੰਦਰ ਅਲਮਾਰੀਆਂ ਵੀ ਉਨ੍ਹਾਂ ਘਰ ਦੀਆਂ ਚਾਬੀਆਂ ਨਾਲ ਹੀ ਖੋਲ੍ਹੀਆਂ ਅਤੇ ਉਹ ਚਾਬੀਆਂ ਵਿਚ ਹੀ ਛੱਡ ਗਏ। ਪੀੜਤ ਪਰਿਵਾਰ ਨੇ ਇਸ ਘਟਨਾ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ ֹ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੀੜਤ ਨੌਜਵਾਨ ਗੁਰਵਿੰਦਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖਜਾਨ ਸਿੰਘ ਹੁਲਕਾ ਤੇ ਸਰਪੰਚ ਮਨਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰ ਗਿਰੋਹ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਹੁਲਕਾ ਦੇ ਘਰ ’ਚ ਚੋਰਾਂ ਵਲੋਂ 10 ਤੋਲੇ ਸੋਨੇ ਦੇ ਗਹਿਣੇ ਤੇ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਚੋਰੀ
ਅਜੀਤ ਡੈਸਕ
14-07-2026