ਪਟਿਆਲਾ, 15 ਜੁਲਾਈ (ਮਨਦੀਪ ਸਿੰਘ ਖਰੌੜ)-ਸ਼ਹਿਰ ’ਚ ਰਹਿਣ ਵਾਲਾ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਭੇਦਭਰੇ ਹਾਲਾਤਾਂ ’ਚ ਘਰ ’ਚ ਰੱਸੇ ਨਾਲ ਲਟਕਦੀ ਪੁਲਿਸ ਨੇ ਬਰਾਮਦ ਕੀਤੀ ਹੈ। ਮਿ੍ਤਕ ਦੀ ਪਹਿਚਾਣ ਬਰਾਜਨ ਮਹਿਤੋ ਵਜੋਂ ਹੋਈ ਹੈ। ਇਸ ਸੰਬੰਧੀ ਮਿ੍ਤਕ ਦੀ ਘਰਵਾਲੀ ਅਤੇ ਉਸ ਦੇ ਭਰਾ ਨੇ ਥਾਣਾ ਅਨਾਜ ਮੰਡੀ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਘਰ ਤੋਂ ਬਾਹਰ ਗਏ ਸੀ ਅਤੇ ਜਦੋਂ ਉਨ੍ਹਾਂ ਨੇ ਘਰ ਆ ਕੇ ਦੇਖਿਆ ਕਿ ਮਹਿਤੋ ਦੀ ਲਾਸ਼ ਰੱਸੀ ਨਾਲ ਲਟਕ ਰਹੀ ਸੀ ਤੇ ਉਨਾਂ ਪੁਲਿਸ ਵਲੋਂ ਸ਼ੰਕਾ ਪ੍ਰਗਟ ਕੀਤੀ ਕਿ ਉਸ ਦੇ ਭਰਾ ਦੀ ਲੱਤ ਅਤੇ ਗਰਦਨ ’ਤੇ ਸੱਟ ਲੱਗੀ ਹੋਈ ਹੈ ਤੇ ਉਸ ਦਾ ਕਤਲ ਕਰ ਕੇ ਉਸ ਨੂੰ ਲਟਕਾਇਆ ਗਿਆ ਹੈ। ਇਸ ਸੰਬੰਧੀ ਜਦੋਂ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਇਸ ਕੇਸ ਸੰਬੰਧੀ ਕੋਈ ਪੁਖ਼ਤਾ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਹਾਲੇ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ। ਘਰਵਾਲਿਆਂ ਦਾ ਕਹਿਣਾ ਹੈ ਕਿ ਬਰਾਜਨ ਮਹਿਤੋ ਪਟਿਆਲਾ ਦੇ ਫੋਕਲ ਪੁਆਇੰਟ ਲਾਗੇ ਇਕ ਫੈਕਟਰੀ ਵਿਚ ਫੌਰਮੈਨ ਦਾ ਕੰਮ ਕਰਦਾ ਸੀ ਪਰ ਪਤਾ ਨਹੀਂ ਕੀ ਗੱਲ ਹੋਈ ਕਿ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।