ਸਮਾਣਾ ਤੇ ਨਾਲ ਲਗਦੇ ਹਰਿਆਣਾ ਰਾਜ ਦੇ ਹੋਟਲਾਂ ’ਚ ਸ਼ਰੇਆਮ ਚੱਲ ਰਿਹਾ ਦੇਹ ਵਪਾਰ * ਨਸ਼ਿਆਂ ਤੇ ਖ਼ਰਚੇ ਦੀ ਪੂਰਤੀ ਲਈ ਨਾਬਾਲਗ ਲੜਕੀਆਂ ਵੇਚ ਰਹੀਆਂ ਹਨ ਜਿਸਮ * ਵਡੇਰੀ ਉਮਰ ਦੇ ਲੋਕਾਂ ਨੂੰ ਬੁਲਾਇਆ ਜਾਂਦਾ ਹੈ ‘‘ਸ਼ੂਗਰ ਡੈਡੀ’’ ਦੇ ਨਾਂਅ ਨਾਲ * ਫਸ ਜਾਣ ’ਤੇ ਇੱਜ਼ਤ ਬਚਾਉਣ ਲਈ ਦੇ ਦਿੰਦੇ ਹਨ ਮੌਕੇ ’ਤੇ ਲੱਖਾਂ ਰੁਪਏ
ਅਜੀਤ ਡੈਸਕ
16-07-2026
ਸਮਾਣਾ, 15 ਜੁਲਾਈ-ਸ਼ਹਿਰ ਦੀ ਸਮਾਣਾ-ਪਟਿਆਲਾ, ਸਮਾਣਾ-ਪਾਤੜਾਂ, ਸਮਾਣਾ-ਭਵਾਨੀਗੜ ਅਤੇ ਹਰਿਆਣਾ ਰਾਜ ਦੀ ਹੱਦ ’ਤੇ ਸਮਾਣਾ-ਚੀਕਾ ਸੜਕ ਉੱਪਰ ਖੁੱਲ ਰਹੇ ਹੋਟਲ ਪੰਜਾਬ ਤੇ ਹਰਿਆਣਾ ਵਾਂਗ ਨਸ਼ਿਆਂ ਦੇ ਵਪਾਰ ਵਾਂਗ, ਹੋਟਲ ਦੇਹ ਵਪਾਰ ਲਈ ਵੀ ਮਸ਼ਹੂਰ ਹੁੰਦੇ ਜਾ ਰਹੇ ਹਨ। ਇਨਾਂ ਸੜਕਾਂ ’ਤੇ ਖਾਣਾ ਖਾਣ ਲਈ ਮਹਿੰਗੇ ਭਾਅ ਦੇ ਆਲੀਸ਼ਾਨ ਹੋਟਲ ਬਣੇ ਹੋਏ ਹਨ। ਜਿਨਾਂ ’ਚ ਨਾਬਾਲਗ, ਛੋਟੀ ਉਮਰ ਤੋਂ ਲੈ ਕੇ ਹਰ ਉਮਰ ਦੀਆਂ ਲੜਕੀਆਂ ਜਿਸਮ ਫ਼ਰੋਸ਼ੀ ਦੇ ਧੰਦੇ ਨਾਲ ਜੁੜੀਆਂ ਹੋਈਆਂ ਹਨ ਜੋ ਇਸ ਧੰਦੇ ’ਚੋਂ ਨਸ਼ਿਆਂ ਅਤੇ ਮਹਿੰਗੇ ਭਾਅ ਦੇ ਸ਼ੌਕ ਪੂਰੇ ਕਰਦੀਆਂ ਹਨ। ਹੋਟਲਾਂ ਨਾਲ ਜੁੜੇ ਦਲਾਲ ਕਿਸਮ ਦੇ ਲੋਕ ਵੱਡੀ ਉਮਰ ਦੇ ਵਿਅਕਤੀਆਂ ਨਾਲ ਜੋ ਇੱਜ਼ਤਦਾਰ ਘਰਾਨਿਆਂ ਨਾਲ ਸੰਬੰਧ ਰੱਖਦੇ ਹਨ, ਨੂੰ ਆਪਣੇ ਜਾਲ ’ਚ ਫਸਾ ਕੇ ਲੱਖਾਂ ਰੁਪਏ ਬਟੋਰਦੇ ਹਨ ਤੇ ਉਨਾਂ ਦੀਆਂ ਰੀਲਾਂ ਬਣਾ ਕੇ ਬਲੈਕਮੇਲ ਕਰਦੇ ਹਨ। ਇਸ ਤਰਾਂ ਹੀ ਜਿਸਮਫ਼ਰੋਸ਼ੀ ਦੇ ਧੰਦੇ ’ਚ ਲਿਪਤ ਔਰਤਾਂ ਪਿੰਡਾਂ ’ਚੋਂ ਛੋਟੀ ਉਮਰ ਦੀਆਂ ਭੋਲ਼ੀਆਂ-ਭਾਲ਼ੀਆਂ ਲੜਕੀਆਂ ਨੂੰ ਜਾਲ ’ਚ ਫਸਾ ਕੇ ਹੋਟਲਾਂ ’ਚ ਲਿਆ ਕੇ ਮੋਟੇ ਰੁਪਏ ਬਟੋਰਦੀਆਂ ਹਨ।
ਸੂਤਰਾਂ ਮੁਤਾਬਿਕ ਕਾਫ਼ੀ ਗਿਣਤੀ ਔਰਤਾਂ ਵਲੋਂ ਆਪਣੇ ਗੈਂਗ ਬਣਾਏ ਹੋਏ ਹਨ। ਜਿਨਾਂ ਦੀ ਕਥਿਤ ਤੌਰ ’ਤੇ ਪੁਲਿਸ ਨਾਲ ਮਿਲੀਭੁਗਤ ਹੁੰਦੀ ਹੈ, ਵਲੋਂ ਨਵੇਂ ਫਸੇ ਵਿਅਕਤੀਆਂ ਨੂੰ ਬੁਰੀ ਤਰਾਂ ਕੁੱਟਮਾਰ ਕਰਕੇ ਉਨਾਂ ਦੀਆਂ ਜੇਬਾਂ ਖ਼ਾਲੀ ਕਰਵਾਉਣ ਦੇ ਨਾਲ-ਨਾਲ ਹੱਥਾਂ ਅਤੇ ਗਲ਼ ’ਚ ਪਾਇਆ ਸੋਨਾ ਆਦਿ ਖੋਹ ਲਿਆ ਜਾਂਦਾ ਹੈ। ਸੂਤਰਾਂ ਮੁਤਾਬਿਕ ਗੈਂਗ ’ਚ ਸ਼ਾਮਿਲ ਇਨਾਂ ਔਰਤਾਂ ਵਲੋਂ ਇਸ ਧੰਦੇ ’ਚੋਂ ਲੱਖਾਂ ਰੁਪਏ ਇਕੱਠੇ ਕਰ ਕੇ ਕੋਠੀਆਂ ਪਾਈਆਂ ਹੋਈਆਂ ਹਨ ਤੇ ਐਸ਼ਪ੍ਰਸਤੀ ਦੀ ਜ਼ਿੰਦਗੀ ਬਤੀਤ ਕੀਤੀ ਜਾਂਦੀ ਹੈ। ਇਨਾਂ ਹੋਟਲਾਂ ’ਚ ਆਉਣ ਵਾਲੇ ਵੱਡੀ ਉਮਰ ਦੇ ਐਸ਼ਪ੍ਰਸਤੀ ਕਰਨ ਵਾਲੇ ਵਿਅਕਤੀਆਂ ਨੂੰ ‘‘ਸ਼ੂਗਰ ਡੈਡੀ’’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਨਾਬਾਲਗ ਲੜਕੀਆਂ ਤੇ ਲੱਖਾਂ ਰੁਪਏ ਖ਼ਰਚ ਦਿੰਦੇ ਹਨ ਤੇ ਅਜਿਹੇ ਹੋਟਲ ਦਰਜਨਾਂ ਦੀ ਗਿਣਤੀ ’ਚ ਹਨ ਜਿੱਥੇ ਸਿਰਫ਼ ਜਿਸਮ ਫ਼ਰੋਸ਼ੀ ਦਾ ਧੰਦਾ ਚੱਲਦਾ ਹੈ। ਸੂਤਰਾਂ ਮੁਤਾਬਿਕ ਹੋਟਲਾਂ ਵਾਲਿਆਂ ਦੀ ਹੇਠਾਂ ਤੋਂ ਲੈ ਕੇ ਉੱਪਰ ਤੱਕ ਪੁਲਿਸ ਨਾਲ ਕਥਿਤ ਮਿਲੀਭੁਗਤ ਹੁੰਦੀ ਹੈ ਤੇ ਗਾਹਕ ਨੂੰ ਹਰੇਕ ਤਰਾਂ ਦੀ ਤਸੱਲੀ ਦਿੱਤੀ ਜਾਂਦੀ ਹੈ। ਜਦੋਂ ਇਸ ਸੰਬੰਧੀ ਹਰਿਆਣਾ ਰਾਜ ਦੇ ਸੁਪਰਡੈਂਟ ਪੁਲਿਸ ਮਨਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਹੋਟਲਾਂ ਦਾ ਨਾਂਅ ਦੱਸੋ ਹੁਣੇ ਛਾਪਾਮਾਰੀ ਕਰਵਾ ਕੇ ਗ਼ਲਤ ਧੰਦੇ ’ਚ ਜੁੜੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਦੋਂ ਕਿ ਪੰਜਾਬ ਦੇ ਪਟਿਆਲਾ ਤੋਂ ਸੁਪਰਡੈਂਟ ਪੁਲਿਸ ਬਹਿਬਲ ਚੌਧਰੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨਾਂ ਦਾ ਮੋਬਾਈਲ ਫ਼ੋਨ ਬੰਦ ਸੀ।