ਪਟਿਆਲਾ, 17 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਅਰਬਨ ਅਸਟੇਟ ਸਾਹਿਬ ਨਗਰ ਖੇੜੀ ਵਿਖੇ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮਹਾਨ ਗੁਰਮਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਦੇ ਪ੍ਰਮੁੱਖ ਚੈਨਲ ਚੜ੍ਹਦੀਕਲਾ ਟਾਈਮ ਟੀਵੀ ਉੱਪਰ ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲਿਆਂ ਵਲੋਂ 12 ਸਾਲ ਤੋਂ ਲਗਾਤਾਰ ਚੱਲ ਰਹੇ ਸ੍ਰੀ ਸਹਿਜ ਪਾਠਾ ਦੀ ਲੜੀ ਦੇ ਤਹਿਤ 11ਵੇਂ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਅਤੇ 12ਵੇਂ ਸਹਿਜ ਪਾਠ ਦੀ ਆਰੰਭਤਾ ਹੋਈ। ਗੁਰਮਿਤ ਸਮਾਗਮ ਦੌਰਾਨ ਗੁਰੂ ਗੋਬਿੰਦ ਸਿੰਘ ਪਰਿਵਾਰ ਅਕੈਡਮੀ ਦੇ ਬੱਚਿਆਂ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਹਿਜ ਪਾਠ ਦੀ ਆਰੰਭਤਾ ਅਤੇ ਸੰਪੂਰਨਤਾ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲਿਆਂ ਵਲੋਂ ਕੀਤੀ ਗਈ। ਇਸ ਦੌਰਾਨ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਇਸ ਸਮਾਗਮ ਦੀ ਸ਼ੋਭਾ ਵਧਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਖਸ਼ੀਅਤਾਂ ਅਤੇ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਚੜ੍ਹਦੀਕਲਾ ਟਾਈਮ ਟੀਵੀ ਦੇ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ, ਜਸਵਿੰਦਰ ਕੌਰ ਦਰਦੀ ਸਮੇਤ ਚੜ੍ਹਦੀਕਲਾ ਟਾਈਮ ਟੀਵੀ ਚੈਨਲ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦਾ ਸਮੂਹ ਸਟਾਫ ਵੀ ਮੌਜੂਦ ਰਿਹਾ। ਇਸ ਦੌਰਾਨ ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਦੀ ਵਿਆਖਿਆ ਰਾਹੀਂ ਗੁਰੂ ਦਾ ਸੰਦੇਸ਼ ਦਿੱਤਾ। ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲਿਆ ਨੇ ਦੱਸਿਆ ਕਿ ਸਾਡੇ ਕੋਲ ਗੁਰੂ ਨਾਲ ਜੁੜਨ ਦਾ ਬਹੁਤ ਵਧੀਆ ਜਰੀਆ ਗੁਰਬਾਣੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਗੁਰੂ ਵਲੋਂ ਬਹੁਤ ਕੁਝ ਦੱਸਿਆ ਗਿਆ ਹੈ, ਜਿਸ ਰਾਹੀ ਅਸੀਂ ਗੁਰੂ ਨਾਲ ਸਿੱਧੇ ਜੁੜ ਸਕਦੇ ਆ ਅਤੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ। ਉਹਨਾਂ ਚੜ੍ਹਦੀਕਲਾ ਟਾਈਮ ਟੀਵੀ ਚੈਨਲ ਅਤੇ ਸਮੁੱਚੇ ਦਰਦੀ ਪਰਿਵਾਰ ਨੂੰ ਵਧਾਈ ਦੇ ਪਾਤਰ ਕਿਹਾ ਕਿ ਕਿਸੇ ਵੀ ਹੋਰ ਪੰਜਾਬੀ ਦੇ ਚੈਨਲ ਉੱਪਰ ਅੱਜ ਤੱਕ ਇਹ ਉਪਰਾਲਾ ਨਹੀਂ ਕੀਤਾ ਗਿਆ ਜੋ ਇਸ ਚੈਨਲ ਵਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ 12 ਸਾਲ ਤੋਂ ਸਹਿਜ ਪਾਠ ਨਿਰਵਿਘਨ ਚੱਲ ਰਹੇ ਹਨ ਜਿਸ ਤੋਂ ਹਰ ਰੋਜ਼ ਲੱਖਾਂ ਲੋਕ ਲਾਹਾ ਲੈ ਰਹੇ ਹਨ। ਗਿਆਨੀ ਸਾਹਿਬ ਸਿੰਘ ਨੇ ਕਿਹਾ ਕਿ ਇਹ ਪਾਠ ਹਰ ਰੋਜ਼ ਸਵੇਰੇ ਸ਼ਾਮ ਚੈਨਲ ’ਤੇ ਚਲਦੇ ਹਨ ਅਤੇ ਲੋਕਾਂ ਵਲੋਂ ਆਪਣੇ ਘਰਾਂ ਵਿਚ ਵੀ ਇਹ ਪਾਠ ਚੈਨਲ ਤੇ ਸੁਣ ਕੇ ਕੀਤੇ ਜਾਂਦੇ ਹਨ। ਇਸ ਮੌਕੇ ਚੜ੍ਹਦੀਕਲਾ ਟਾਈਮ ਟੀਵੀ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਨੇ ਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸਾਨੂੰ ਪਰਮਾਤਮਾ ਨੇ ਸਹਿਜ ਪਾਠ ਚਲਾਉਣ ਦੀ ਸੋਝੀ ਬਖਸ਼ੀ ਹੈ ਅਸੀਂ ਸ਼ੁਕਰ ਗੁਜ਼ਾਰ ਹਾਂ। ਉਨ੍ਹਾਂ ਸਮੁੱਚੀਆਂ ਸੰਗਤਾਂ ਅਤੇ ਚੈਨਲ ਦੇਖਣ ਵਾਲੇ ਕਰੋੜਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਹਿਜ ਪਾਠ ਰੋਜ਼ਾਨਾ ਸਰਵਣ ਕੀਤਾ ਜਾਵੇ ਅਤੇ ਆਪਣਾ ਜੀਵਨ ਸਫਲ ਬਣਾਇਆ ਜਾਵੇ। ਇਸ ਮੌਕੇ ਡਾ. ਕੰਵਲਜੀਤ ਕੌਰ, ਡਾ. ਹਰਜਿੰਦਰ ਵਾਲੀਆ, ਪ੍ਰਭਜੀਤ ਸਿੰਘ ਚੌਧਰੀ, ਭਾਈ ਕਰਮਜੀਤ ਸਿੰਘ, ਬਲਬੀਰ ਸਿੰਘ ਚੱਢਾ, ਭਾਈ ਸੁਰਿੰਦਰ ਪਾਲ ਸਿੰਘ, ਭਾਈ ਮਾਨ ਸਿੰਘ, ਭਾਈ ਭਗਵਾਨ ਸਿੰਘ, ਭੈਣ ਹਰਵਿੰਦਰ ਕੌਰ, ਭਾਈ ਪ੍ਰਭਜੋਤ ਸਿੰਘ, ਗਿਆਨੀ ਸੁਰਜੀਤ ਸਿੰਘ, ਭਾਈ ਰਾਜ ਸਿੰਘ ਖਾਲਸਾ ਨਿਹੰਗ ਸਿੰਘ, ਭਾਈ ਗੁਰਪ੍ਰੀਤ ਸਿੰਘ ਲਵਲੀ ਸਮੇਤ ਗੁਰਦੁਆਰਾ ਕਮੇਟੀ ਦੀ ਸਮੁੱਚੀ ਮੈਨਜਮੈਂਟ ਅਤੇ ਸੰਗਤ ਮੌਜੂਦ ਸੀ।