22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕਰਨ ਸਿੰਘ ਡੀ.ਟੀ.ਓ. ਦੀਆਂ ਹਦਾਇਤਾਂ ਮਗਰੋਂ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਆਈ ਹਰਕਤ ’ਚ

Ad Position 21
No active advertisement
ਅਜੀਤ ਡੈਸਕ 22-07-2026
ਪਾਤੜਾਂ, 21 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ’ਚ ਵਧ ਰਹੀ ਨਸ਼ਾ ਤਸਕਰੀ ਨੂੰ ਰੋਕੇ ਜਾਣ ਦੀ ਮੰਗ ਹਲਕੇ ਦੇ ਲੋਕਾਂ ਵਲੋਂ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰਨ ਸਿੰਘ ਡੀ.ਟੀ.ਓ. ਅਤੇ ਬੀਬੀ ਵਨਿੰਦਰ ਕੌਰ ਲੂੰਬਾ ਸਾਬਕਾ ਵਿਧਾਇਕਾ ਨੂੰ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਵਾਏ ਜਾਣ ਮਗਰੋਂ ਉਨ੍ਹਾਂ ਵਲੋਂ ਹਲਕੇ ’ਚ ਨਸ਼ਾ ਤਸਕਰੀ ਰੋਕੇ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਤਹਿਤ ਹੀ ਪੁਲਿਸ ਨੂੰ ਕੀਤੀਆਂ ਗਈਆਂ ਹਦਾਇਤਾਂ ’ਤੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਹਰਕਤ ’ਚ ਆਈ ਪਾਤੜਾਂ ਪੁਲਿਸ ਨੇ ਜਿੱਥੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਇਕ ਕੋਲੋਂ ਸਮੈਕ ਬਰਾਮਦ ਕੀਤੀ ਹੈ ਉੱਥੇ ਹੀ ਇੱਕ ਟਰੱਕ ’ਚ ਕੁਇੰਟਲ ਤੋਂ ਵੱਧ ਭੂਕੀ ਚੂਰਾ ਪੋਸਤ ਬਰਾਮਦ ਕਰਕੇ 2 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਇਕ ਹਲਕੇ ’ਚ ਸਾਢੇ ਚਾਰ ਸਾਲ ਤੋਂ ਸੱਤਾ ਦਾ ਸੁੱਖ ਮਾਣ ਰਹੇ ਇਕ ਵੱਡੇ ਆਗੂ ਦਾ ਨੇੜਲਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਪਾਤੜਾਂ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਵਰੁਣ ਸ਼ਰਮਾ ਐਸ.ਐਸ.ਪੀ. ਪਟਿਆਲਾ, ਵਹਿਭਵ ਚੌਧਰੀ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਪਾਤੜਾਂ ਵਲੋਂ ਨਸ਼ਾ ਰੋਕਣ ਸੰਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ‘ਯੁੱਧ ਨਸਿਆ ਵਿਰੁੱਧ’ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਥਾਣਾ ਪਾਤੜਾਂ ਦੀ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਏ.ਐਸ.ਆਈ. ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ 11 ਕਿੱਲਿਆਂ ਵਾਲੀ ਮੰਡੀ ਨਿਆਲ ਬਾਈਪਾਸ ਪਾਤੜਾਂ ਪਾਸ ਪੁੱਜੇ ਤਾਂ ਮੰਡੀ ’ਚ ਟਰੱਕ ਖੜ੍ਹਾ ਦਿਖਾਈ ਦਿੱਤਾ ਤਾਂ ਟਰੱਕ ’ਚ ਬੈਠੇ ਵਿਅਕਤੀਆਂ ਮਹਿੰਦਰ ਸਿੰਘ ਵਾਸੀ ਪਿੰਡ ਖਾਨੇਵਾਲ ਅਤੇ ਹਰਬੰਸ ਸਿੰਘ ਵਾਸੀ ਡੇਰਾ ਸੰਗਤਪੁਰਾ ਬੂਰੜ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 110 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਜਿਸ ਸੰਬੰਧੀ ਮੁਕੱਦਮਾ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਕਥਿਤ ਦੋਸ਼ੀਆਂ ਵਲੋਂ ਭੁੱਕੀ ਮੱਧ ਪ੍ਰਦੇਸ਼ ਤੋਂ ਲਿਆਕੇ ਅੱਗੇ ਸਰਕਲ ਪਾਤੜਾਂ ਦੇ ਏਰੀਆ ’ਚ ਸਪਲਾਈ ਕੀਤਾ ਜਾਣਾ ਸੀ। ਇਸ ਤਰ੍ਹਾਂ ਹੀ ਬੀਤੇ ਦਿਨ ਕਾਰ ਸਵਾਰ ਹਰਪ੍ਰੀਤ ਸਿੰਘ ਤੋਂ 100 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਤਿੰਨ ਨੌਜਵਾਨ ਤੋਂ 78 ਗ੍ਰਾਮ ਭੂਰੇ ਰੰਗ ਦਾ ਨਸ਼ੀਲਾ ਪਾਊਡਰ ਬਰਾਮਦ ਕਰਕੇ ਇਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਲਕੇ ਦੇ ਲੋਕਾਂ ਨੇ ਡੀਟੀਓ ਕਰਨ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਹੈ ਕਿ ਇਲਾਕੇ ’ਚ ਸਮਾਜ ਵਿਰੋਧੀ ਕੰਮ ਕਰ ਰਹੇ ਲੋਕਾਂ ਦੇ ਖ਼ਿਲਾਫ਼ ਇਸੇ ਤਰ੍ਹਾਂ ਹੀ ਮੁਹਿੰਮ ਜਾਰੀ ਰੱਖੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਅਗਲੀ ਖ਼ਬਰ ਸ਼ੰਭੂ ਬੈਰੀਅਰ ’ਤੇ ਵੱਡੀ ਗਿਣਤੀ ’ਚ ਪੁੱਜੀਆਂ ਕਿਸਾਨ ਬੀਬੀਆਂ ਨੇ ਵੀ ਕੀਤੀ ਨਾਅਰੇਬਾਜ਼ੀ
Ad Position 24