ਪਟਿਆਲਾ, 22 ਜੁਲਾਈ (ਮਨਦੀਪ ਸਿੰਘ ਖਰੌੜ)-ਲੋਕ ਭਲਾਈ ਤੇ ਚੇਤਨਾ ਸੋਸਾਇਟੀ ਪਟਿਆਲਾ ਦੀ ਮਾਸਿਕ ਇਕੱਤਰਤਾ ਦੌਰਾਨ ਸਾਲ 2026-2028 ਲਈ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਡਾ. ਡੀ.ਐਸ. ਭੁੱਲਰ ਨੂੰ ਪ੍ਰਧਾਨ, ਅਰੁਣ ਕੁਮਾਰ ਜ਼ਖ਼ਮੀ ਸੀਨੀਅਰ ਉਪ ਪ੍ਰਧਾਨ, ਬਲਬੀਰ ਸਿੰਘ ਜੌੜਾ ਮੀਤ ਪ੍ਰਧਾਨ, ਅਮਰਪ੍ਰੀਤ ਸਿੰਘ ਢਿੱਲੋਂ ਜਨਰਨ ਸਕੱਤਰ, ਹਰਿੰਦਰ ਸਿੰਘ ਕਰੀਰ ਜੁਆਇੰਟ ਸਕੱਤਰ, ਜਸਪਾਲ ਸਿੰਘ ਵਿੱਤ ਸਕੱਤਰ, ਇੰਦਰਪਾਲ ਸਿੰਘ ਸੈਣੀ ਪ੍ਰੈਸ ਸਕੱਤਰ, ਡਾ. ਹਰਦੀਪ ਸਿੰਘ ਮਾਨ, ਰਿਟਾ. ਇੰਸ. ਕੁਲਦੀਪ ਸਿੰਘ ਸੇਖੋਂ, ਪੁਸ਼ਪਿੰਦਰ ਪਾਲ ਗਰਗ ਅਤੇ ਪ੍ਰਮੋਦ ਕੁਮਾਰ ਸਲਾਹਕਾਰ, ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਭੁੱਲਰ ਕਾਨੂੰਨੀ ਸਲਾਹਕਾਰ, ਨਿਰਮਲ ਸਿੰਘ ਅਤੇ ਐਸ. ਐਸ. ਛਾਬੜਾ ਬਤੌਰ ਕਾਰਕਾਰਨੀ ਮੈਂਬਰ ਨਾਮਜ਼ਦ ਕੀਤੇ ਗਏ। ਮੀਟਿੰਗ ਦੌਰਾਨ ਜਿਲ੍ਹਾ ਪ੍ਰਸ਼ਾਸ਼ਨ ਅਤੇ ਮਿਊਂਸੀਪਲ ਕਾਰਪੋਰੇਸ਼ਨ ਪਟਿਆਲਾ ਨੂੰ ਅਪੀਲ ਕਰਦਿਆਂ ਮੰਗ ਕੀਤੀ ਗਈ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਲਾਵਾਰਿਸ ਅਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਸੰਬੰਧੀ ਕੀਤੇ ਇਤਹਾਸਿਕ ਫ਼ੈਸਲੇ ਅਤੇ ਹਦਾਇਤਾਂ ਦੀ ਇੰਨ ਬਿੰਨ ਅਤੇ ਸਮਾਂਬੱਧ ਤਰੀਕੇ ਨਾਲ ਪਾਲਣਾ ਕੀਤੀ ਜਾਵੇ ਅਤੇ ਪੰਜਾਬ ਦੇ ਲੋਕਾਂ ਨੂੰ ਅਵਾਰਾ ਕੁੱਤਿਆਂ ਤੋਂ ਨਿਜਾਤ ਦਿਵਾਈ ਜਾਵੇ। ਇਸ ਦੇ ਨਾਲ ਹੀ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਦੀਆਂ ਸੜਕਾਂ ਅਤੇ ਗਲੀਆਂ ਵਿਚ ਰੋਜ਼ਾਨਾ ਗੈਰਕਾਨੂੰਨੀ ਤੌਰ ਤੇ ਗੱਡੀਆਂ ਦੀ ਪਾਰਕਿੰਗ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਹਦਾਇਤਾਂ ਦੀ ਤੁਰੰਤ ਪਾਲਣਾ ਕੀਤੀ ਜਾਵੇ। ਡਾ. ਭੁੱਲਰ ਅਨੁਸਾਰ ਲੋਕ ਭਲਾਈ ਤੇ ਚੇਤਨਾ ਸੋਸਾਇਟੀ ਵਲੋਂ ਇਨ੍ਹਾਂ ਲੋਕ ਮੁੱਦਿਾਂ ਦੀ ਗੰਭੀਰਤਾ ਨੂੰ ਸਮਝਦਿਆਂ ਫ਼ੈਸਲਾ ਕੀਤਾ ਗਿਆ ਹੈ ਕਿ ਲੋਕਾਂ ਨੂੰ ਅਵਾਰਾ ਕੁੱਤਿਆਂ ਅਤੇ ਗੈਰਕਾਨੂੰਨੀ ਪਾਰਕਿੰਗ ਸੰਬੰਧੀ ਸਮੱਸਿਆ ਦੇ ਹੱਲ ਲਈ ਲੋਕ ਹਿੱਤ ਵਿਚ ਹਰ ਪ੍ਰਕਾਰ ਦੇ ਯਤਨ ਨਿਰੰਤਰ ਜਾਰੀ ਰਹਿਣਗੇ।