ਨਾਭਾ, 29 ਜੁਲਾਈ (ਵਰਿੰਦਰ ਵਰਮਾ)-ਹਲਕੇ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਸਕੋਹਾ ਵਿਖੇ ਲੋਕ ਮਿਲਣੀ ਦੌਰਾਨ ਪਿੰਡ ਰਾਮਪੁਰ ਵਾਸੀਆਂ ਦੀਆਂ ਸਮੱਸਿਆਂਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਢੇ ਚਾਰ ਸਾਲਾਂ ਵਿਚ ਕੀਤੇ ਗਏ ਵਿਕਾਸ ਕਾਰਜਾਂ ਅਤੇ ਲੋਕਾਂ ਦੀ ਸਹੂਲਤ ਲਈ ਚਲਾਈਆਂ ਗਈਆਂ ਯੋਜਨਾਵਾਂ ਬਾਰੇ ਚਾਨਣਾ ਪਾਇਆ। ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅਸੀਂ 19 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਨਾਲ ਆਮ ਲੋਕਾਂ ਦੇ ਰੋਜ਼ਾਨਾ ਲਗਪਗ 70 ਲੱਖ ਰੁਪਏ ਦੀ ਬਚਤ ਹੋ ਰਹੀ ਹੈ, ਜਿਨ੍ਹਾਂ ਵਿਚ 4 ਟੋਲ ਪਲਾਜੇ ਨਾਭਾ ਦੇ ਆਲੇ-ਦੁਆਲੇ ਲੱਗੇ ਹੋਏ ਸਨ। ਇਸੇ ਦੌਰਾਨ ਨੌਜਵਾਨਾਂ ਨੂੰ 68,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਲਗਪਗ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦੀ ਸਪਲਾਈ ਅਤੇ ਨਹਿਰੀ ਸਿੰਜਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ ਤਾਂ ਕਿ ਖੇਤੀਬਾੜੀ ਲਈ ਨਹਿਰੀ ਪਾਣੀ ਦੀ ਕੋਈ ਘਾਟ ਨਾ ਰਹੇ। ਇਸ ਮੌਕੇ ‘ਆਪ’ ਆਗੂ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਜਗਰੂਪ ਸਿੰਘ ਅਤੇ ਹਰਮੇਲ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਸਰਪੰਚ ਦੋਦਾ, ਸਤਵੰਤ ਸਿੰਘ ਸੋਹੀ ਸਰਪੰਚ ਰਣਜੀਤਗੜ੍ਹ, ਦਵਿੰਦਰ ਸਿੰਘ ਬਿਸ਼ਨਗੜ, ਜਤਿੰਦਰ ਸਿੰਘ ਕਕਰਾਲਾ, ਗੁਰਜੀਤ ਸਿੰਘ ਕੋਟਕਲਾਂ, ਜਤਿੰਦਰ ਸਿੰਘ ਕਾਲਾ ਆਦਿ ਵੀ ਮੌਜੂਦ ਸਨ।