ਦੇਵੀਗੜ੍ਹ, 29 ਜੁਲਾਈ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ ਇਲਾਕੇ ਦੇ ਪਿੰਡ ਕਛਵਾ ਵਿਖੇ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਲੋੜ ਨੂੰ ਪੂਰਾ ਕਰਦਿਆਂ ਅੱਜ ਪਿੰਡ ਵਿਚ ਨਵੇਂ ਬਣੇ ਬੱਸ ਅੱਡੇ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਉਦਘਾਟਨੀ ਸਮਾਗਮ ਵਿਚ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਕਰ ਕਮਲਾਂ ਨਾਲ ਬੱਸ ਅੱਡਾ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ। ਸਮਾਗਮ ਦੌਰਾਨ ਪਿੰਡ ਦੇ ਸਰਪੰਚ ਮਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਤੀ ਬਲਵਿੰਦਰ ਸਿੰਘ ਸਮੇਤ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਹਲਕਾ ਇੰਚਾਰਜ ਦਾ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲ ਸਕਣ। ਹਡਾਣਾ ਨੇ ਕਿਹਾ ਕਿ ਅੱਜ ਪਿੰਡ ਕਛਵਾ ਵਿਖੇ ਬੱਸ ਅੱਡੇ ਦੇ ਬਣਨ ਨਾਲ ਇਲਾਕਾ ਨਿਵਾਸੀਆਂ, ਖਾਸ ਕਰਕੇ ਰੋਜ਼ਾਨਾ ਸਫ਼ਰ ਕਰਨ ਵਾਲੇ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਬਜ਼ੁਰਗਾਂ ਨੂੰ ਵੱਡੀ ਰਾਹਤ ਮਿਲੇਗੀ। ਪਹਿਲਾਂ ਲੋਕਾਂ ਨੂੰ ਧੁੱਪ ਅਤੇ ਮੀਂਹ ਵਿੱਚ ਖੁੱਲ੍ਹੇ ਆਸਮਾਨ ਹੇਠ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਇਸ ਨਵੇਂ ਬੱਸ ਅੱਡੇ ਦੇ ਬਣਨ ਨਾਲ ਯਾਤਰੀਆਂ ਨੂੰ ਬੇਹੱਦ ਆਰਾਮ ਮਿਲੇਗਾ। ਅਸੀਂ ਹਲਕੇ ਦੇ ਹਰ ਕੋਨੇ ਤੱਕ ਵਿਕਾਸ ਦੀ ਰਫ਼ਤਾਰ ਨੂੰ ਪਹੁੰਚਾਉਣ ਲਈ ਦਿਨ-ਰਾਤ ਯਤਨ ਕਰ ਰਹੇ ਹਾਂ। ਇਸ ਮੌਕੇ ਪਿੰਡ ਦੀ ਸਰਪੰਚ ਮਨਪ੍ਰੀਤ ਕੌਰ ਨੇ ਪਹੁੰਚੇ ਮੁੱਖ ਮਹਿਮਾਨ ਅਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਕਛਵਾ ਵਿੱਚ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਆਈ ਹੈ ਅਤੇ ਇਹ ਬੱਸ ਅੱਡਾ ਪਿੰਡ ਦੀ ਲੰਬੇ ਸਮੇਂ ਦੀ ਮੰਗ ਸੀ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਸਰਪੰਚ ਮਨਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਪਿੰਡ ਲਈ ਇਹ ਬਹੁਤ ਵੱਡਾ ਮਾਣ ਅਤੇ ਖੁਸ਼ੀ ਦਾ ਦਿਨ ਹੈ ਕਿ ਸਾਡੇ ਪਿੰਡ ਨੂੰ ਇਹ ਸੁੰਦਰ ਬੱਸ ਅੱਡਾ ਮਿਲਿਆ ਹੈ। ਅਸੀਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੀ ਇਸ ਮੁੱਖ ਮੰਗ ਨੂੰ ਪਹਿਲ ਦੇ ਆਧਾਰ ਉੱਤੇ ਪੂਰਾ ਕੀਤਾ ਹੈ। ਪਿੰਡ ਦੀ ਪੰਚਾਇਤ ਅਤੇ ਸਮੂਹ ਨਿਵਾਸੀ ਕਰਵਾਏ ਜਾ ਰਹੇ ਇਨ੍ਹਾਂ ਵਿਕਾਸ ਕਾਰਜਾਂ ਲਈ ਹਮੇਸ਼ਾ ਤਤਪਰ ਰਹਿਣਗੇ ਅਤੇ ਪਿੰਡ ਦੀ ਭਲਾਈ ਲਈ ਮਿਲ ਕੇ ਕੰਮ ਕਰਾਂਗੇ। ਇਸ ਮੌਕੇ ਪਿੰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬੱਸ ਅੱਡੇ ਦੇ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਦੇ ਚਿਹਰਿਆਂ ਉੱਤੇ ਖੁਸ਼ੀ ਸਾਫ਼ ਨਜ਼ਰ ਆ ਰਹੀ ਸੀ। ਪ੍ਰੋਗਰਾਮ ਦੇ ਅੰਤ ਵਿੱਚ ਪੰਚਾਇਤ ਵੱਲੋਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ ਤਾਲਬ, ਹਰਪ੍ਰੀਤ ਸਿੰਘ ਭੂੰਡੀ,ਮਹਿਮਾ ਸਿੰਘ ਕਰਤਾਰਪੁਰ, ਚੇਅਰਮੈਨ ਸਿਮਰਨਜੀਤ ਸਿੰਘ ਸੋਹਲ, ਚੇਅਰਮੈਨ ਬਲਦੇਵ ਸਿੰਘ,ਲਾਲੀ ਰਹਿਲ ਪੀ ਏ,ਰਾਜਾ ਧੰਜੂ ਸਰੁਸਤੀਗੜ ਆਦਿ ਹਾਜ਼ਰ ਸਨ।