ਨਾਭਾ, 29 ਜੁਲਾਈ (ਵਰਿੰਦਰ ਵਰਮਾ)-ਭਾਈ ਕਾਹਨ ਸਿੰਘ ਨਾਭਾ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ 8 ਵਿਦਿਆਰਥਣਾਂ ਨੇ ਨੀਟ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿਚ ਸਹਿਜਪ੍ਰੀਤ ਕੌਰ, ਜਸ਼ਨ, ਵੀਰਪਾਲ ਕੌਰ, ਰਜਨੀ, ਰਮਨ ਦੀਪ, ਸੁਖਦੀਪ ਕੌਰ, ਅਰਸ਼ਦੀਪ ਕੌਰ, ਵੰਸ਼ਿਕਾ ਬਾਲੀ ਨੇ ਹਲਕਾ ਨਾਭਾ ਦਾ ਨਾਂਅ ਰੌਸ਼ਨ ਕੀਤਾ। ਹੋਣਹਾਰ ਵਿਦਿਆਰਥਣਾਂ ਨੇ ਕਿਹਾ ਕਿ ਸਾਡੀ ਪੜ੍ਹਾਈ ਵਿਚ ਜਿੱਥੇ ਅਧਿਆਪਕਾਂ ਮਿਹਨਤ ਹੈ, ਉਥੇ ਹੀ ਸਾਡੇ ਮਾਤਾ-ਪਿਤਾ ਨੇ ਸਾਡੀ ਹੌਸਲਾ ਅਫਜਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਇਕ ਹੀ ਮਕਸਦ ਸੀ ਕਿ ਅਸੀਂ ਪੜ੍ਹ ਲਿਖ ਕੇ ਸੂਬਾ ਪੰਜਾਬ, ਮਾਤਾ ਪਿਤਾ ਤੇ ਸਕੂਲ ਦਾ ਨਾਂਅ ਸ਼ਿਖਰਾਂ ’ਤੇ ਲੈ ਕੇ ਜਾ ਸਕੀਏ। ਇਸ ਮੌਕੇ ਗੁਰਦੀਪ ਸਿੰਘ ਸਕੂਲ਼ ਇੰਚਾਰਜ ਪ੍ਰਿੰਸੀਪਲ ਨੇ ਨੀਟ ਪਾਸ ਕਰਨ ਵਾਲੇ ਵਿਦਿਆਰਥਣਾ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਕਿਹਾ ਕਿ ਸਾਡੇ ਲਈ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਕੂਲ ਦੀਆਂ 8 ਹੋਣਹਾਰ ਵਿਦਿਆਰਥਣਾਂ/ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕਰਕੇ ਸਕੂਲ ਦੇ ਨਾਲ਼-ਨਾਲ਼ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਨੀਟ ਆਨਲਾਈਨ ਕਲਾਸਾਂ ਦਾ ਵੀ ਇਸ ਸਫਲਤਾ ਵਿਚ ਅਹਿਮ ਯੋਗਦਾਨ ਰਿਹਾ ਹੈ, ਜਿਸ ਨੇ ਸਾਡੀਆਂ ਵਿਦਿਆਰਥਣਾਂ ਨੂੰ ਮਿਆਰੀ ਸਿੱਖਿਆ ਮੁਫ਼ਤ ਵਿਚ ਘਰ ਬੈਠੇ ਹਾਸਿਲ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਹਰ ਖੇਤਰ ’ਚ ਮੱਲਾਂ ਮਾਰ ਰਹੀਆਂ ਹਨ, ਉਥੇ ਹੀ ਹਲਕਾ ਨਾਭੇ ਦੀਆਂ ਧੀਆਂ ਨੇ ਨਾਭੇ ਦਾ ਨਾਂਅ ਚਮਕਾਇਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਫ਼ਲਤਾ ਮਿਲਣ ਤੋਂ ਬਾਅਦ ਵੀ ਹਮੇਸ਼ਾ ਜ਼ਮੀਨ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸੁਰੇਸ਼ ਕੁਮਾਰ, ਸੰਗੀਤਾ ਗੁਪਤਾ, ਮੋਨਿਕਾ ਰਾਣੀ, ਮਨਪ੍ਰੀਤ ਕੌਰ ਆਦਿ ਸਟਾਫ਼ ਹਾਜ਼ਰ ਸੀ।