ਮਾਨਸਾ, 29 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤ ਦੀ ਪ੍ਰਮੁੱਖ ਨਿੱਜੀ ਥਰਮਲ ਪਾਵਰ ਉਤਪਾਦਕ ਕੰਪਨੀ ਵੇਦਾਂਤਾ ਪਾਵਰ ਨੂੰ ਕ੍ਰੈਡਿਟ ਰੇਟਿੰਗ ਇਨਫਰਮੇਸ਼ਨ ਸਰਵਿਸਿਜ਼ ਆਫ਼ ਇੰਡੀਆ ਲਿਮਿਟਡ (ਕ੍ਰਿਸਿਲ) ਵਲੋਂ ਵੱਡਾ ਰੇਟਿੰਗ ਅੱਪਗ੍ਰੇਡ ਮਿਲਿਆ ਹੈ। ਰੇਟਿੰਗ ਏਜੰਸੀ ਨੇ ਕੰਪਨੀ ਨੂੰ ‘ਵਿਕਾਸਸ਼ੀਲ ਪ੍ਰਭਾਵਾਂ ਸਮੇਤ ਨਿਗਰਾਨੀ ਸੂਚੀ’ ਤੋਂ ਹਟਾਉਂਦਿਆਂ ਗਾਰੰਟੀਸ਼ੁਦਾ ਲੰਬੀ ਮਿਆਦ ਦੀਆਂ ਬੈਂਕਿੰਗ ਸੁਵਿਧਾਵਾਂ ਦੀ ਰੇਟਿੰਗ ਕ੍ਰਿਸਿਲ ਏ.ਏ.+ ਸਥਿਰ ਕਰ ਦਿੱਤੀ ਹੈ, ਜੋ ਪਹਿਲਾਂ ਸਿਰਫ਼ ਕ੍ਰਿਸਿਲ ਏ.ਏ. ਸੀ। ਇਸ ਦੇ ਨਾਲ ਹੀ ਕੰਪਨੀ ਦੀ ਲੰਬੀ ਮਿਆਦ ਦੀ ਰੇਟਿੰਗ ਸਥਿਰ ਅਤੇ ਛੋਟੀ ਮਿਆਦ ਦੀ ਰੇਟਿੰਗ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਰੇਟਿੰਗ ਅੱਪਗ੍ਰੇਡ ਵੇਦਾਂਤਾ ਗਰੁੱਪ ਦੇ ਸਫਲ ਡੀਮਰਜਰ ਤੋਂ ਬਾਅਦ ਕੰਪਨੀ ਦੀ ਮਜ਼ਬੂਤ ਵਿੱਤੀ ਸਥਿਤੀ, ਵਿਭਿੰਨ ਥਰਮਲ ਪਾਵਰ ਪੋਰਟਫੋਲਿਓ, ਬਿਹਤਰ ਤਰਲਤਾ ਅਤੇ ਰਣਨੀਤਿਕ ਮਹੱਤਤਾ ਨੂੰ ਦਰਸਾਉਂਦਾ ਹੈ। ਕ੍ਰਿਸਿਲ ਨੇ ਕੰਪਨੀ ਦੀ ਸ਼ਾਨਦਾਰ ਸੰਚਾਲਨ ਸਮਰੱਥਾ, ਲੰਬੀ ਮਿਆਦ ਦੇ ਪਾਵਰ ਪਰਚੇਜ਼ ਸਮਝੌਤਿਆਂ, ਮਜ਼ਬੂਤ ਇੰਧਨ ਸਪਲਾਈ ਪ੍ਰਬੰਧਾਂ ਅਤੇ ਵਿੱਤੀ ਲਚਕਤਾ ਨੂੰ ਵੀ ਇਸ ਰੇਟਿੰਗ ਦਾ ਮੁੱਖ ਆਧਾਰ ਦੱਸਿਆ ਹੈ। ਵੇਦਾਂਤਾ ਪਾਵਰ ਦੇਸ਼ ਦੇ ਵੱਖ-ਵੱਖ ਰਾਜਾਂ ’ਚ ਬਿਜਲੀ ਉਤਪਾਦਨ ਇਕਾਈਆਂ ਚਲਾ ਰਹੀ ਹੈ, ’ਚ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ 1 ਹਜ਼ਾਰ 980 ਮੈਗਾਵਾਟ, ਓਡੀਸ਼ਾ ਦਾ ਝਾਰਸੁਗੁੜਾ ਥਰਮਲ ਪਾਵਰ ਪਲਾਂਟ 600 ਮੈਗਾਵਾਟ, ਆਂਧਰਾ ਪ੍ਰਦੇਸ਼ ਦੀ ਮੀਨਾਕਸ਼ੀ ਐਨਰਜੀ ਲਿਮਿਟਡ 1 ਹਜ਼ਾਰ ਮੈਗਾਵਾਟ ਅਤੇ ਛੱਤੀਸਗੜ੍ਹ ਦਾ ਸਕਤੀ ਥਰਮਲ ਪਾਵਰ ਪਲਾਂਟ 600 ਮੈਗਾਵਾਟ ਸ਼ਾਮਲ ਹਨ। ਕੰਪਨੀ ਨੇ ਜਾਣਕਾਰੀ ਦਿੱਤੀ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਸਕਤੀ ਥਰਮਲ ਪਾਵਰ ਪਲਾਂਟ ’ਚ 600 ਮੈਗਾਵਾਟ ਦੀ ਇੱਕ ਹੋਰ ਇਕਾਈ ਚਾਲੂ ਹੋਣ ਨਾਲ ਇਸ ਦੀ ਉਤਪਾਦਨ ਸਮਰੱਥਾ ’ਚ ਹੋਰ ਵਾਧਾ ਹੋਵੇਗਾ।