ਰਾਜਪੁਰਾ ਦੇ ਸਕਾਲਰਜ਼ ਸਕੂਲ ਦੇ ਵਿਦਿਆਰਥੀਆਂ ਨੇ ਤਾਇਕਵਾਂਡੋ ’ਚ ਅੰਤਰਰਾਸ਼ਟਰੀ ਪੱਧਰ ’ਤੇ ਜਿੱਤੇ ਦੋ ਤਗਮੇ
ਸਕੂਲ ਪਹੁੰਚਣ ’ਤੇ ਪ੍ਰਬੰਧਕਾਂ ਨੇ ਕੀਤਾ ਸਨਮਾਨਿਤ
ਰਾਜਪੁਰਾ, 12 ਅਗਸਤ (ਜੀ. ਪੀ.
ਰਾਜਪੁਰਾ, 12 ਅਗਸਤ (ਜੀ. ਪੀ. ਸਿੰਘ)- ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਦੋ ਵਿਦਿਆਰਥੀਆਂ ਨੇ ਥਾਈਲੈਂਡ (ਬੈਂਕਾਕ) ਦੇ ਸ਼ਹਿਰ ਪਟਾਆ ਵਿਖੇ ਹੋਈ 9ਵੀਂ ਹੀਰੋਜ਼ ਤਾਇਕਵਾਂਡੋ ਇੰਟਰਨੈਸ਼ਨਲ ਚੈਂਪੀਅਨਸ਼ਿਪ ’ਚ ਦੋ ਤਗਮੇ ਜਿੱਤ ਕੇ ਦੇਸ਼, ਪੰਜਾਬ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਅੰਤਰਰਾਸ਼ਟਰੀ ਮੁਕਾਬਲੇ ’ਚ 31 ਦੇਸ਼ਾਂ ਦੇ 3500 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ। ਸਕਾਲਰਜ਼ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਸਕੂਲ ਦੇ ਸਿਰਫ ਦੋ ਵਿਦਿਆਰਥੀ ਹੀ ਇਸ ’ਚ ਹਿੱਸਾ ਲੈਣ ਬੈਂਕਾਕ ਗਏ ਸਨ, ਜਿਸ ’ਚ ਜੈਸਲਪ੍ਰੀਤ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਅਮਰਜੀਤ ਸਿੰਘ ਨੇ ਤਾਂਬੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤਿਰੰਗੇ ਦਾ ਮਾਣ ਵਧਾਇਆ। ਸਕੂਲ ਪਹੁੰਚਣ ’ਤੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪ੍ਰਿੰਸੀਪਲ ਭਾਰਤੀ ਆਸ਼ੂਤੋਸ਼ ਨੇ ਦੋਵੇਂ ਖਿਡਾਰੀ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕਰ ਉਨ੍ਹਾਂ ਨੂੰ ਸਨਮਾਨਿਤ ਕੀਤਾ, ਸਕੂਲ ’ਚ ਲੱਡੂ ਵੰਡੇ ਤੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਕੋਚ ਰਾਕੇਸ਼ ਕੁਮਾਰ ਨੂੰ ਵੀ ਵਧਾਈਆਂ ਦਿੱਤੀਆਂ। ਇਸ ਮੌਕੇ ਸਕੂਲ ਦੀ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਜਿੱਤ ’ਤੇ ਸਕੂਲ ਨੂੰ ਮਾਣ ਹੋ ਰਿਹਾ ਹੈ ਤੇ ਉਨ੍ਹਾਂ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਹੋਰ ਕਾਮਯਾਬੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।