12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੰਜ ਦਿਨਾਂ ਬੈਂਕਿੰਗ ਪ੍ਰਣਾਲੀ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਦੇਸ਼ ਵਿਆਪੀ ਪ੍ਰਦਰਸ਼ਨ

ਪਟਿਆਲਾ, 12 ਅਗਸਤ (ਅ. ਸ.

Ad Position 21
No active advertisement
ਸ਼ੇਰਾਂਵਾਲਾ ਗੇਟ ਵਿਖੇ ਸਥਿਤ ਭਾਰਤੀ ਸਟੇਟ ਬੈਂਕ ਦੀ ਇਮਾਰਤ ਦੇ ਬਾਹਰ ਬੈਂਕ ਅਧਿਕਾਰੀ ਅਤੇ ਕਰਮਚਾਰੀ ਮੰਗਾਂ ਨੂੰ ਪ੍ਰਦਰਸ਼ਨ ਕਰਦੇ ਹੋਏ। ਅਜੀਤ ਤਸਵੀਰ 13-08-2026
ਪਟਿਆਲਾ, 12 ਅਗਸਤ (ਅ.ਸ. ਆਹਲੂਵਾਲੀਆ)-ਬੈਂਕਿੰਗ ਉਦਯੋਗ ਵਿਚ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਪੰਜ ਦਿਨਾਂ ਕਾਰਜ ਸਮੇਂ (ਵਰਕਿੰਗ ਵੀਕ) ਨੂੰ ਤੁਰੰਤ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਯੂ.ਐਫ.ਬੀ.ਯੂ. ਦੇ ਸੱਦੇ ’ਤੇ ਦੇਸ਼ ਭਰ ਵਿਚ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸੇ ਲੜੀ ਤਹਿਤ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਵਿਖੇ ਸਥਿਤ ਭਾਰਤੀ ਸਟੇਟ ਬੈਂਕ ਦੀ ਇਮਾਰਤ ਦੇ ਬਾਹਰ ਜ਼ਿਲ੍ਹੇ ਭਰ ਦੇ ਵੱਖ-ਵੱਖ ਬੈਂਕਾਂ ਦੇ 500 ਤੋਂ ਵੱਧ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਆਪਣੀ ਮੰਗ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ। ਆਲ ਇੰਡੀਆ ਬੈਂਕ ਅਫਸਰਜ਼ ਕਨਫੈਡਰੇਸ਼ਨ, ਪੰਜਾਬ ਦੇ ਸਕੱਤਰ ਕਾਮਰੇਡ ਰਾਜੀਵ ਸਰਹਿੰਦੀ ਅਤੇ ਪ੍ਰਧਾਨ ਪੁਨੀਤ ਵਰਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਯੂ.ਐਫ.ਬੀ.ਯੂ. ਦੇ ਸੱਦੇ ’ਤੇ ਦੇਸ਼ ਦੀਆਂ ਸਾਰੀਆਂ ਰਾਜ ਰਾਜਧਾਨੀਆਂ ਅਤੇ ਪ੍ਰਮੁੱਖ ਸ਼ਹਿਰਾਂ ਤੇ ਕੇਂਦਰਾਂ ਵਿਚ ਦਫ਼ਤਰੀ ਸਮੇਂ ਤੋਂ ਬਾਅਦ ਇਹ ਪ੍ਰਦਰਸ਼ਨ ਆਯੋਜਿਤ ਕੀਤੇ ਗਏ। ਇਸ ਤੋਂ ਪਹਿਲਾਂ ਵੀ ਇਸੇ ਮੰਗ ਨੂੰ ਲੈ ਕੇ 27 ਜਨਵਰੀ ਨੂੰ ਦੇਸ਼ ਵਿਆਪੀ ਬੈਂਕ ਹੜਤਾਲ ਕੀਤੀ ਗਈ ਸੀ। ਯੂ.ਐਫ.ਬੀ.ਯੂ. ਨੇ ਇਸ ਗੱਲ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ ਵਲੋਂ ਪੰਜ ਦਿਨਾਂ ਬੈਂਕਿੰਗ ’ਤੇ ਸਮਝੌਤੇ ਅਤੇ ਸੈਟਲਮੈਂਟ/ਜੁਆਇੰਟ ਨੋਟ ’ਚ ਸਹਿਮਤੀ ਦੇਣ ਅਤੇ ਪ੍ਰਸਤਾਵ ਸਰਕਾਰ ਨੂੰ ਭੇਜੇ ਜਾਣ ਦੇ ਬਾਵਜੂਦ ਇਸ ਅਹਿਮ ਮੁੱਦੇ ’ਤੇ ਫੈਸਲਾ ਲਗਾਤਾਰ ਲਟਕ ਰਿਹਾ ਹੈ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਬੈਂਕ ਇੰਪਲਾਇਜ਼ ਫੈਡਰੇਸ਼ਨ ਦੇ ਪ੍ਰਧਾਨ ਕਾਮਰੇਡ ਸੁਸ਼ੀਲ ਗੌਤਮ ਨੇ ਕਿਹਾ ਕਿ ਪੰਜ ਦਿਨਾਂ ਬੈਂਕਿੰਗ ਦੀ ਮੰਗ ਨਾ ਤਾਂ ਨਵੀਂ ਹੈ ਅਤੇ ਨਾ ਹੀ ਅਣਉਚਿਤ। ਬੈਂਕ ਅਧਿਕਾਰੀ ਅਤੇ ਕਰਮਚਾਰੀ ਸਮੂਹਿਕ ਸੌਦੇਬਾਜ਼ੀ ਦੀ ਸਥਾਪਿਤ ਪ੍ਰਕਿਰਿਆ ਤਹਿਤ ਬਣੀ ਸਹਿਮਤੀ ਨੂੰ ਲਾਗੂ ਕਰਨ ਦੀ ਸਬਰ ਨਾਲ ਉਡੀਕ ਕਰ ਰਹੇ ਹਨ। ਅਜਿਹੇ ਵਿਚ ਪਹਿਲਾਂ ਤੋਂ ਸਹਿਮਤ ਮੁੱਦੇ ਨੂੰ ਸਰਕਾਰ ਦੀ ਪ੍ਰਵਾਨਗੀ ਲਈ ਅਨਿਸ਼ਚਿਤ ਸਮੇਂ ਲਈ ਲਟਕਾ ਕੇ ਰੱਖਣਾ ਜਾਇਜ਼ ਨਹੀਂ ਹੈ। ਇਸ ਦੇ ਨਾਲ ਹੀ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਪਟਿਆਲਾ ਜ਼ਿਲ੍ਹਾ ਕੋਆਰਡੀਨੇਟਰ ਕਾਮਰੇਡ ਜਸਬੀਰ ਸਿੰਘ ਨੇ ਕਿਹਾ ਦੇਸ਼ ਦੇ ਬੈਂਕਿੰਗ ਭਾਈਚਾਰੇ ਨੇ ਹਰ ਔਖੀ ਘੜੀ ਵਿਚ ਦੇਸ਼ ਦੇ ਨਾਲ ਚਟਾਨ ਵਾਂਗ ਖੜ੍ਹੇ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਚਾਹੇ ਆਰਥਿਕ ਸੰਕਟ ਹੋਵੇ, ਨੋਟਬੰਦੀ ਹੋਵੇ, ਕੋਰੋਨਾ ਮਹਾਂਮਾਰੀ ਹੋਵੇ ਜਾਂ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਖਰੀ ਵਿਅਕਤੀ ਤੱਕ ਪਹੁੰਚਾਉਣਾ ਹੋਵੇ। ਪੰਜ ਦਿਨਾ ਬੈਂਕਿੰਗ ਹੁਣ ਸਿਰਫ਼ ਛੁੱਟੀ ਦਾ ਮੁੱਦਾ ਨਹੀਂ, ਸਗੋਂ ਨਿਆਂਪੂਰਨ ਕੰਮ ਦੇ ਪ੍ਰਬੰਧ, ਕੰਮ ਵਾਲੀ ਥਾਂ ’ਤੇ ਮਾਣ-ਸਤਿਕਾਰ ਅਤੇ ਆਧੁਨਿਕ ਬੈਂਕਿੰਗ ਪ੍ਰਣਾਲੀ ਦੀ ਲੋੜ ਹੈ। ਸਰਕਾਰ ਨੂੰ ਹੁਣ ਬਿਨਾਂ ਕਿਸੇ ਹੋਰ ਦੇਰੀ ਦੇ ਆਪਣੀ ਵਚਨਬੱਧਤਾ ਨੂੰ ਪੂਰਾ ਕਰਨਾ ਚਾਹੀਦਾ ਹੈ। ਨੈਸ਼ਨਲ ਕਨਫੈਡਰੇਸ਼ਨ ਆਫ਼ ਬੈਂਕ ਇੰਪਲਾਇਜ਼ ਦੇ ਕਾਮਰੇਡ ਰਾਜੇਸ਼ ਖੰਨਾ, ਕਾਮਰੇਡ ਸੰਜੀਵ ਸ਼ਰਮਾ ਅਤੇ ਪੰਜਾਬ ਬੈਂਕ ਇੰਪਲਾਇਜ਼ ਫੈਡਰੇਸ਼ਨ ਦੇ ਕਾਮਰੇਡ ਤਰੁਣ ਕੌੜਾ, ਕਾਮਰੇਡ ਸਨਮੀਤ ਸਿੰਘ ਨੇ ਕਿਹਾ ਕਿ ਅੱਜ ਬੈਂਕਿੰਗ ਸੇਵਾਵਾਂ ਸਿਰਫ਼ ਸ਼ਾਖਾਵਾਂ ਤੱਕ ਸੀਮਤ ਨਹੀਂ ਹਨ। ਇਸ ਲਈ ਗਾਹਕ ਸੇਵਾ ਅਤੇ ਬੈਂਕਿੰਗ ਕਾਰਜਕੁਸ਼ਲਤਾ ਨੂੰ ਪ੍ਰਭਾਵਿਤ ਕੀਤੇ ਬਿਨਾਂ ਪੰਜ ਦਿਨਾ ਕਾਰਜ ਸਮੇਂ ਨੂੰ ਲਾਗੂ ਕੀਤਾ ਜਾ ਸਕਦਾ ਹੈ। ਆਲ ਇੰਡੀਆ ਬੈਂਕ ਅਫਸਰਜ਼ ਕਨਫੈਡਰੇਸ਼ਨ, ਪੰਜਾਬ ਦੇ ਕਾਮਰੇਡ ਬਿਨੈ ਸਿਨਹਾ, ਕਾਮਰੇਡ ਹਰਬਾਗ ਸਿੰਘ, ਕਾਮਰੇਡ ਦਿਨੇਸ਼ ਗੁਪਤਾ ਨੇ ਕਿਹਾ ਕਿ ਇਕ ਸਹਿਮਤ ਅਤੇ ਪੈਡਿੰਗ ਮੁੱਦੇ ’ਤੇ ਲਗਾਤਾਰ ਚੁੱਪ ਧਾਰਨ ਨਾਲ ਦੇਸ਼ ਭਰ ਦੇ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਰੋਸ ਵਧ ਰਿਹਾ ਹੈ। ਪ੍ਰਦਰਸ਼ਨ ਵਿਚ ਕਾਮਰੇਡ ਮਨੀਸ਼ ਕੁਮਾਰ, ਰਵਿੰਦਰ ਵਾਲੀਆ, ਅਰਵਿੰਦ ਤਿਵਾੜੀ, ਰਾਕੇਸ਼ ਮਾਥੁਰ, ਰਾਹੁਲ ਕੁਮਾਰ, ਅਮਨਜੋਤ, ਵਿਨੀਤ ਸ਼ਰਮਾ, ਓਮ ਪ੍ਰਕਾਸ਼, ਅਰਮਿੰਦਰ ਸਿੰਘ, ਕਪਿਲ ਸ਼ਰਮਾ, ਪੁਨੀਤ ਕਦ, ਸੰਜੇ ਮਿਗਲਾਨੀ, ਸੁਰੇਸ਼ ਗੁਪਤਾ, ਹਰਨੀਤ ਕੌਰ ਸਮੇਤ ਵੱਖ-ਵੱਖ ਬੈਂਕਾਂ ਦੇ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪੰਜਾਬ ਵਿੱਚ ਇੰਟੈਂਸੀਫਾਈਡ ਆਈ.ਈ.ਸੀ. ਮੁਹਿੰਮ-2026 ਦੀ ਸ਼ੁਰੂਆਤ ਕਿਹਾ, ਦੋ ਮਹੀਨ... ਅਗਲੀ ਖ਼ਬਰ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਵਲੋਂ ਪਟਿਆਲਾ ਨਿਗਮ ਦਾ ਦੌਰਾ
Ad Position 24