ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਨਾਲ ਹੋਈ ਮੀਟਿੰਗ
ਸਮਾਣਾ, 13 ਅਗਸਤ (ਹਰਵਿੰਦਰ ਸਿੰਘ ਟੋਨੀ)-ਸਾਬਕਾ ਕੈਬਨਿਟ ਮੰਤਰੀ ਤੇ ‘ਆਪ’ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਨਿਊ ਅਗਰਵਾਲ ਗਾਊਸ਼ਾਲਾ ਵਿਖੇ ਜ਼ਿਲ੍ਹਾ ਪਟਿਆਲਾ ਆੜ੍ਹਤੀਆਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਆੜ੍ਹਤੀ ਭਾਈਚਾਰੇ ਨੂੰ ਦਰਪੇਸ਼ ਆਉਂਦੀਆਂ ਵੱਖ-ਵੱਖ ਸਮੱਸਿਆਵਾਂ ਤੇ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਸਮਾਣਾ, 13 ਅਗਸਤ (ਹਰਵਿੰਦਰ ਸਿੰਘ ਟੋਨੀ)-ਸਾਬਕਾ ਕੈਬਨਿਟ ਮੰਤਰੀ ਤੇ ‘ਆਪ’ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਨਿਊ ਅਗਰਵਾਲ ਗਾਊਸ਼ਾਲਾ ਵਿਖੇ ਜ਼ਿਲ੍ਹਾ ਪਟਿਆਲਾ ਆੜ੍ਹਤੀਆਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਆੜ੍ਹਤੀ ਭਾਈਚਾਰੇ ਨੂੰ ਦਰਪੇਸ਼ ਆਉਂਦੀਆਂ ਵੱਖ-ਵੱਖ ਸਮੱਸਿਆਵਾਂ ਤੇ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸ. ਰੱਖੜਾ ਨੇ ਆੜ੍ਹਤੀਆਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਮਸਲਿਆਂ ਨੂੰ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ ਪਹੁੰਚ ਰਹੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਾਹਮਣੇ ਰੱਖਿਆ ਜਾਵੇਗਾ, ਤਾਂ ਜੋ ਸੰਬੰਧਿਤ ਮਾਮਲਿਆਂ ਦਾ ਯੋਗ ਹੱਲ ਕੱਢਣ ਲਈ ਸਰਕਾਰ ਦੇ ਪੱਧਰ ’ਤੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਰੱਖੜਾ ਨੇ ਕਿਹਾ ਕਿ ਆੜ੍ਹਤੀ ਭਾਈਚਾਰਾ ਕਿਸਾਨੀ ਦੀ ਰੀੜ੍ਹ ਦੀ ਹੱਡੀ ਵਾਂਗ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਭਾਵੇਂ ਤਕਨੀਕੀ ਦੌਰ ਵਿਚ ਆਰਥਿਕ ਲੋੜਾਂ ਨੂੰ ਪੂਰਾ ਕਰਨ ਦੇ ਕਈ ਸਾਧਨ ਉਪਲੱਬਧ ਹਨ ਪਰ ਇਕ ਸਮਾਂ ਅਜਿਹਾ ਵੀ ਰਿਹਾ ਹੈ ਜਦੋਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਆੜ੍ਹਤੀ ਭਾਈਚਾਰਾ ਹਰ ਮੁਸ਼ਕਲ ਸਮੇਂ ਵਿਚ ਸਹਾਰਾ ਬਣਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅਤੇ ਆੜ੍ਹਤੀ ਵਰਗ ਵਿਚਕਾਰ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਇਹ ਆਪਸੀ ਸਹਿਯੋਗ ਖੇਤੀਬਾੜੀ ਆਰਥਿਕਤਾ ਲਈ ਬੇਹੱਦ ਮਹੱਤਵਪੂਰਨ ਹੈ। ਸ. ਰੱਖੜਾ ਨੇ ਕਿਹਾ ਕਿ ਆੜ੍ਹਤੀਆਂ ਦੀਆਂ ਜਾਇਜ਼ ਸਮੱਸਿਆਵਾਂ ਦਾ ਹੱਲ ਕਰਵਾਉਣ ਦੇ ਨਾਲ-ਨਾਲ ਮਾਨ ਸਰਕਾਰ ਦੀ ਮੁੱਖ ਤਰਜੀਹ ਆਉਣ ਵਾਲੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਖ਼ਰੀਦ ਪ੍ਰਬੰਧ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ, ਸਾਬਕਾ ਚੇਅਰਮੈਨ ਹਰਿੰਦਰ ਸਿੰਘ ਕੁਲਬੁਰਛਾਂ, ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ, ਪ੍ਰਧਾਨ ਨਰਿੰਦਰ ਕੁਮਾਰ ਗਰਗ, ਪ੍ਰਧਾਨ ਰਜਿਤ ਕੁਮਾਰ, ਪ੍ਰਧਾਨ ਦਵਿੰਦਰ ਸਿੰਘ, ਪ੍ਰਧਾਨ ਕਰਮਜੀਤ ਸਿੰਘ, ਪ੍ਰਧਾਨ ਜਗਦੀਪ ਸਿੰਘ ਜੌਲੀ, ਜਗਤਾਰ ਸੰਧੂ ਅਤੇ ਜ਼ਿਲ੍ਹਾ ਆੜ੍ਹਤੀਆਂ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।