ਜ਼ਿਲ੍ਹਾ ਪੱਧਰੀ ਲਾਅਨ ਟੈਨਿਸ ਮੁਕਾਬਲਿਆਂ ’ਚ ਜ਼ੋਨ
ਪਟਿਆਲਾ-2 ਨੇ ਜਿੱਤੇ ਚਾਰ ਸੋਨ ਅਤੇ ਇਕ ਚਾਂਦੀ ਤਗਮਾ
ਪਟਿਆਲਾ, 28 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਕੂਲ ਖੇਡਾਂ 2026-27 ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.)
ਪਟਿਆਲਾ, 28 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਕੂਲ ਖੇਡਾਂ 2026-27 ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼ਾਲੂ ਮਹਿਰਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਲਾਅਨ ਟੈਨਿਸ ਟੂਰਨਾਮੈਂਟ ਰੋਲੈਕਸ ਟੈਨਿਸ ਫਾਊਂਡੇਸ਼ਨ, ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਜ਼ੋਨਾਂ ਦੀਆਂ ਟੀਮਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਖੇਡ ਮੁਕਾਬਲੇ ਵਿੱਚ ਜ਼ੋਨ ਪਟਿਆਲਾ-2 ਦੀਆਂ ਟੀਮਾਂ ਨੇ ਲਾਅਨ ਟੈਨਿਸ ਕੋਚ ਗਗਨਦੀਪ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕੀਤੀਆਂ। ਲੜਕਿਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲਿਆਂ ਦੌਰਾਨ ਅੰਡਰ-14 ਅਤੇ ਅੰਡਰ-19 ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤ ਕੇ ਜ਼ੋਨ ਦਾ ਨਾਮ ਰੌਸ਼ਨ ਕੀਤਾ। ਲੜਕੀਆਂ ਦੇ ਵਰਗ ਵਿਚ ਵੀ ਜ਼ੋਨ ਪਟਿਆਲਾ-2 ਦਾ ਦਬਦਬਾ ਰਿਹਾ। ਅੰਡਰ-14 ਅਤੇ ਅੰਡਰ-19 ਵਰਗ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮੇ ਹਾਸਲ ਕੀਤੇ, ਜਦਕਿ ਅੰਡਰ-17 ਵਰਗ ਦੀ ਟੀਮ ਨੇ ਸ਼ਾਨਦਾਰ ਟੱਕਰ ਦਿੰਦਿਆਂ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਖਿਡਾਰੀਆਂ ਦੇ ਇਸ ਬਿਹਤਰੀਨ ਪ੍ਰਦਰਸ਼ਨ ਨੇ ਦਰਸ਼ਕਾਂ ਅਤੇ ਅਧਿਕਾਰੀਆਂ ਦਾ ਮਨ ਮੋਹ ਲਿਆ। ਕੋਚ ਗਗਨਦੀਪ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਟੂਰਨਾਮੈਂਟ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਸੀ, ਜਿਸ ਸਦਕਾ ਹੀ ਟੀਮਾਂ ਵੱਡੀ ਗਿਣਤੀ ਵਿੱਚ ਤਗਮੇ ਜਿੱਤਣ ਵਿੱਚ ਸਫ਼ਲ ਰਹੀਆਂ ਹਨ। ਜ਼ੋਨ ਪਟਿਆਲਾ-2 ਦੇ ਪ੍ਰਧਾਨ ਡਾ. ਰਜਨੀਸ਼ ਗੁਪਤਾ ਅਤੇ ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ ਨੇ ਕੋਚ ਗਗਨਦੀਪ ਸਿੰਘ ਅਤੇ ਸਮੂਹ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਜਸਪਾਲ ਸਿੰਘ (ਪ੍ਰਿੰਸੀਪਲ), ਅਮਰਿੰਦਰ ਸਿੰਘ (ਜ਼ੋਨਲ ਸਕੱਤਰ, ਜ਼ੋਨ ਪਟਿਆਲਾ-1), ਅਨਿਲ ਕੁਮਾਰ, ਮਿਸ ਕਿਰਨਜੋਤ ਕੌਰ , ਮਮਤਾ ਰਾਣੀ, ਗਰਪ੍ਰੀਤ ਸਿੰਘ (ਡਾਟਾ ਐਂਟਰੀ ਉਪਰੇਟਰ) ਅਤੇ ਪ੍ਰੈੱਸ ਇੰਚਾਰਜ ਮਨਪ੍ਰੀਤ ਸਿੰਘ ਸ਼ੇਰਮਾਜਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।