ਰਾਜਪੁਰਾ ’ਚ ਟਾਹਲੀ ਵਾਲਾ ਚੌਕ ਨੇੜੇ 7 ਦੁਕਾਨਾਂ ਨੂੰ ਭਿਆਨਕ ਅੱਗ
ਰਾਜਪੁਰਾ, 29 ਅਗਸਤ (ਜੀ. ਪੀ.
ਰਾਜਪੁਰਾ, 29 ਅਗਸਤ (ਜੀ. ਪੀ. ਸਿੰਘ)-ਲੰਘੀ ਰਾਤ ਰਾਜਪੁਰਾ ਦੇ ਟਾਹਲੀ ਵਾਲਾ ਚੌਕ ਨੇੜੇ ਸਰੀਏ ਤੇ ਫਾਈਬਰ ਦੀਆਂ ਦੁਕਾਨਾਂ ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 7 ’ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਲੋਹੇ ਦੇ ਗਾਡਰ ਤੇ ਸਰੀਆ ਵੀ ਸੇਕ ਨਾਲ ਮੁੜ ਗਏ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਗੱਡੀਆਂ ਨੇ ਬਹੁਤ ਮਸ਼ੱਕਤ ਨਾਲ ਕਰੀਬ 4 ਘੰਟੇ ’ਚ ਕਾਬੂ ਪਾਇਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ ਕਰੀਬ 2 ਵਜੇ ਅਚਾਨਕ ਅੱਗ ਲੱਗੀ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਇੰਨੀ ਤੇਜ਼ ਸੀ ਕਿ ਉਸ ਨੇ ਨਾਲ ਲੱਗਦੀਆਂ 6-7 ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਦੁਕਾਨਾਂ ਦੇ ਅੰਦਰ ਲੱਗੇ ਲੋਹੇ ਦੇ ਐਂਗਲ ਵੀ ਗਰਮੀ ਨਾਲ ਮੁੜ ਗਏ। ਸੂਚਨਾ ਮਿਲਦਿਆਂ ਹੀ ਰਾਜਪੁਰਾ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਪਰ ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ, ਜ਼ੀਰਕਪੁਰ ਤੋਂ ਵੀ ਫਾਇਰ ਟੈਂਡਰ ਮੰਗਵਾਉਣੇ ਪਏ। ਫਾਇਰ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ 4 ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ।