ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸੂਬੇ ’ਚ ਚਿੱਟੇ ਦੀ ‘ਹੋਮ ਡਲਿਵਰੀ’- ਬ੍ਰਜੇਸ਼ ਪਾਠਕ
ਸਮਾਣਾ, 27 ਸਤੰਬਰ (ਸਾਹਿਬ ਸਿੰਘ)- ਭਾਜਪਾ ਦੀ ਪੰਜਾਬ ਵਿਚ ਨਸ਼ਿਆਂ ਵਿਰੁੱਧ ਕੱਢੀ ਜਾ ਰਹੀ ਯਾਤਰਾ ਸ਼ਾਮ ਸਮੇਂ ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੀ ਅਗਵਾਈ ਵਿਚ ਸਮਾਣਾ ਪਹੁੰਚੀ ਜਿੱਥੇ ਭਾਜਪਾ ਦੇ ਹਲਕਾ ਮੁਖੀ ਸੁਰਿੰਦਰ ਸਿੰਘ ਖੇੜਕੀ ਤੇ ਵਿਨੋਦ ਸਿੰਗਲਾ ਨੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨਾਲ ਪ੍ਰਨੀਤ ਕੌਰ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਵੀ ਸਨ।
ਸਮਾਣਾ, 27 ਸਤੰਬਰ (ਸਾਹਿਬ ਸਿੰਘ)- ਭਾਜਪਾ ਦੀ ਪੰਜਾਬ ਵਿਚ ਨਸ਼ਿਆਂ ਵਿਰੁੱਧ ਕੱਢੀ ਜਾ ਰਹੀ ਯਾਤਰਾ ਸ਼ਾਮ ਸਮੇਂ ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੀ ਅਗਵਾਈ ਵਿਚ ਸਮਾਣਾ ਪਹੁੰਚੀ ਜਿੱਥੇ ਭਾਜਪਾ ਦੇ ਹਲਕਾ ਮੁਖੀ ਸੁਰਿੰਦਰ ਸਿੰਘ ਖੇੜਕੀ ਤੇ ਵਿਨੋਦ ਸਿੰਗਲਾ ਨੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨਾਲ ਪ੍ਰਨੀਤ ਕੌਰ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਵੀ ਸਨ। ਯਾਤਰਾ ਦੀ ਅਗਵਾਈ ਕਰ ਰਹੇ ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸੂਬੇ ਵਿਚ ‘ਚਿੱਟੇ ਦੀ ਹੋਮ ਡਲਿਵਰੀ’ ਹੋ ਰਹੀ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਸੂਬੇ ਵਿਚੋਂ ਨਸ਼ਾ ਖ਼ਤਮ ਕਰਨ ਲਈ 6 ‘ਡੈੱਡ ਲਾਈਨਾਂ’ ਵੀ ਤੋੜ ਦਿੱਤੀਆਂ ਹਨ ਪਰ ਨਸ਼ਾ ਘਰ-ਘਰ ਫੈਲ ਗਿਆ ਹੈ। ਉਨ੍ਹਾਂ ਆਖਿਆ ਕਿ ਭਾਜਪਾ ਦੀ ਯਾਤਰਾ ਨੇ ਪੰਜਾਬ ਦੇ ਹਰੇਕ ਬਸ਼ਿੰਦੇ ਨੂੰ ਨਸ਼ਿਆਂ ਵਿਰੁੱਧ ਖੜ੍ਹਾ ਕੀਤਾ ਹੈ। ਉਨ੍ਹਾਂ ਨਸ਼ਿਆਂ ਨਾਲ ਪੰਜਾਬ ਵਿਚ ਹੋਈਆਂ ਮੌਤਾਂ ਤੇ ਘਰਾਂ ਦੇ ਉਜਾੜੇ ਦੀਆਂ ਦੋ ਦਰਜਨ ਤੋਂ ਵੱਧ ਉਦਾਹਰਨਾਂ ਦਿੰਦਿਆਂ ਕਿਹਾ ਕਿ ਪੰਜਾਬ ਨਸ਼ਿਆਂ ਵਿਚ ਬਰਬਾਦ ਹੋ ਗਿਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਇਸ ਮੌਕੇ ਪਟਿਆਲਾ ਦੇ ਪ੍ਰਧਾਨ ਪਰਦੀਪ ਗਰਗ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਹਰਮੇਸ਼ ਗੋਇਲ ਡਕਾਲਾ, ਭੁਜਿੰਦਰ ਸ਼ਰਮਾ, ਗੁਰਪ੍ਰੀਤ ਸਿੰਘ ਮਾਜਰੀ, ਗੁਰਮੀਤ ਸਿੰਘ, ਸਰਬਜੀਤ ਸਿੰਘ ਢਿੱਲੋਂ ਅਤੇ ਸਿਕੰਦਵੀਰ ਜਿੰਦਲ ਵੀ ਮੌਜੂਦ ਸਨ। ਯਾਤਰਾ ਸਮਾਣਾ ਸ਼ਹਿਰ ਵਿਚੋਂ ਹੁੰਦੀ ਹੋਈ ਅਗਲੇ ਪੜਾਅ ਵਲ ਵਧੀ।