ਝੋਨੇ ਦੀ ਵਾਢੀ ਦਾ ਕੰਮ ਪਛੜਿਆ, ਫ਼ਸਲ ਦੇ ਧਰਤੀ ’ਤੇ ਵਿਛਣ ਤੇ ਦਾਣਾ ਖ਼ਰਾਬ ਹੋਣ ਦਾ ਖ਼ਦਸ਼ਾ
ਪਟਿਆਲਾ, 28 ਸਤੰਬਰ (ਗੁਰਵਿੰਦਰ ਸਿੰਘ ਔਲਖ)- ਅੱਜ ਕਈ ਥਾਵਾਂ ’ਤੇ ਪਏ ਭਾਰੀ ਮੀਂਹ ਨੇ ਝੋਨੇ ਦੀ ਵਾਢੀ ਦੀਆਂ ਤਿਆਰੀਆਂ ਵਿਚ ਜੁਟੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਝੋਨੇ ਦੀਆਂ ਕਈ ਕਿਸਮਾਂ ਪੱਕ ਕੇ ਵਾਢੀ ਲਈ ਤਿਆਰ ਖੜ੍ਹੀਆਂ ਹਨ ਤੇ ਕਿਸਾਨਾਂ ਵਲੋਂ ਆਉਣ ਵਾਲੇ ਦਿਨਾਂ ਵਿਚ ਵਾਢੀ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।
ਖ
ਖ਼ੂਨਦਾਨ ਕੈਂਪ ’ਚ 35 ਯੂਨਿਟ ਖ਼ੂਨ ਇਕੱਤਰ ਕਰਨ ਤੋਂ ਬਾਅਦ ਖ਼ੂਨਦਾਨੀਆਂ ਨਾਲ ਫਾਊਂਡੇਸ਼ਨ ਦੇ ਅਹੁਦੇਦਾਰ ਅਤੇ ਪਤਵੰਤੇ। ਤਸਵੀਰ : ਸਰਦਾਰਾ ਸਿੰਘ ਲਾਛੜੂ
29-09-2026
ਪਟਿਆਲਾ, 28 ਸਤੰਬਰ (ਗੁਰਵਿੰਦਰ ਸਿੰਘ ਔਲਖ)- ਅੱਜ ਕਈ ਥਾਵਾਂ ’ਤੇ ਪਏ ਭਾਰੀ ਮੀਂਹ ਨੇ ਝੋਨੇ ਦੀ ਵਾਢੀ ਦੀਆਂ ਤਿਆਰੀਆਂ ਵਿਚ ਜੁਟੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਝੋਨੇ ਦੀਆਂ ਕਈ ਕਿਸਮਾਂ ਪੱਕ ਕੇ ਵਾਢੀ ਲਈ ਤਿਆਰ ਖੜ੍ਹੀਆਂ ਹਨ ਤੇ ਕਿਸਾਨਾਂ ਵਲੋਂ ਆਉਣ ਵਾਲੇ ਦਿਨਾਂ ਵਿਚ ਵਾਢੀ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸੇ ਦੌਰਾਨ ਮੌਸਮ ਦੇ ਅਚਾਨਕ ਬਦਲੇ ਮਿਜ਼ਾਜ ਕਾਰਨ ਪਏ ਮੀਂਹ ਨੇ ਕਿਸਾਨਾਂ ਦੇ ਹਿਸਾਬ-ਕਿਤਾਬ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਖੇਤਾਂ ਵਿਚ ਪੱਕ ਕੇ ਤਿਆਰ ਖੜ੍ਹੀ ਫ਼ਸਲ ’ਤੇ ਮੀਂਹ ਪੈਣ ਕਾਰਨ ਹੁਣ ਵਾਢੀ ਦਾ ਕੰਮ ਕੁਝ ਦਿਨ ਪਛੜਨ ਦਾ ਖ਼ਦਸ਼ਾ ਹੈ। ਮੀਂਹ ਤੋਂ ਬਾਅਦ ਖੇਤਾਂ ਵਿਚ ਨਮੀ ਵਧ ਜਾਣ ਕਾਰਨ ਕੰਬਾਈਨਾਂ ਨਾਲ ਵਾਢੀ ਕਰਵਾਉਣ ਵਿਚ ਵੀ ਦਿੱਕਤ ਆ ਸਕਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਜਲਦੀ ਸਾਫ਼ ਹੋ ਜਾਂਦਾ ਹੈ ਤਾਂ ਖੇਤ ਸੁੱਕਣ ਉਪਰੰਤ ਵਾਢੀ ਦਾ ਕੰਮ ਮੁੜ ਰਫ਼ਤਾਰ ਫੜ ਸਕਦਾ ਹੈ ਪਰ ਜੇਕਰ ਮੁੜ ਮੀਂਹ ਪੈ ਗਿਆ ਤਾਂ ਪੱਕੀ ਫ਼ਸਲ ਨੂੰ ਸੰਭਾਲਣਾ ਔਖਾ ਹੋ ਸਕਦਾ ਹੈ। ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਖੇਤਾਂ ਵਿਚ ਝੋਨਾ ਪੱਕ ਕੇ ਵਾਢੀ ਲਈ ਤਿਆਰ ਹੋ ਚੁੱਕਾ ਹੈ ਅਤੇ ਕੰਬਾਈਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਮੀਂਹ ਨੇ ਕੰਮ ਅੱਗੇ ਪਾ ਦਿੱਤਾ ਹੈ। ਇਸ ਸਮੇਂ ਕਿਸਾਨ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਪੱਕੀ ਫ਼ਸਲ ਖੇਤ ਵਿਚ ਜ਼ਿਆਦਾ ਦੇਰ ਨਾ ਖੜ੍ਹੀ ਰਹੇ। ਕਿਸਾਨ ਗੁਰਮੇਲ ਸਿੰਘ ਨੇ ਕਿਹਾ ਕਿ ਝੋਨੇ ਦੀਆਂ ਕੁਝ ਕਿਸਮਾਂ ਅਜੇ ਕੱਚੀਆਂ ਹਨ, ਜਦਕਿ ਕਈ ਖੇਤਾਂ ਵਿਚ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੱਕੀ ਫ਼ਸਲ ਲਈ ਮੀਂਹ ਦੇ ਨਾਲ ਤੇਜ਼ ਹਵਾਵਾਂ ਹੋਰ ਵੀ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ। ਹਵਾਵਾਂ ਚੱਲਣ ਨਾਲ ਪੱਕਿਆਂ ਝੋਨਾ ਧਰਤੀ ’ਤੇ ਵਿਛਣ ਦੀ ਸੂਰਤ ਵਿਚ ਕੰਬਾਈਨ ਨਾਲ ਵਾਢੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਦਾਣਿਆਂ ਦੇ ਨੁਕਸਾਨ ਦਾ ਖ਼ਦਸ਼ਾ ਵੀ ਵਧ ਜਾਂਦਾ ਹੈ। ਉਧਰ, ਜਿਨ੍ਹਾਂ ਕਿਸਾਨਾਂ ਵਲੋਂ ਵਾਢੀ ਉਪਰੰਤ ਝੋਨਾ ਮੰਡੀਆਂ ਵਿਚ ਵੇਚਣ ਲਈ ਲਿਆਂਦਾ ਹੋਇਆ ਹੈ, ਉਹ ਵੀ ਮੀਂਹ ਤੋਂ ਬਚਾਅ ਲਈ ਤਰਪਾਲਾਂ ਦਾ ਸਹਾਰਾ ਲੈਂਦੇ ਨਜ਼ਰ ਆਏ। ਮੀਂਹ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਵਲੋਂ ਝੋਨੇ ਦੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢਕ ਦਿੱਤਾ ਗਿਆ ਤਾਂ ਜੋ ਫ਼ਸਲ ਵਿਚ ਵਧੇਰੇ ਨਮੀ ਨਾ ਆਵੇ। ਕਿਸਾਨਾਂ ਦਾ ਕਹਿਣਾ ਸੀ ਕਿ ਖੇਤਾਂ ਵਿਚ ਖੜ੍ਹੀ ਫ਼ਸਲ ਦੇ ਨਾਲ-ਨਾਲ ਮੰਡੀਆਂ ਵਿਚ ਪਹੁੰਚ ਚੁੱਕੀ ਫ਼ਸਲ ਨੂੰ ਵੀ ਮੀਂਹ ਤੋਂ ਬਚਾਉਣਾ ਇਸ ਵੇਲੇ ਵੱਡੀ ਚਿੰਤਾ ਬਣਿਆ ਹੋਇਆ ਹੈ। ਇਸ ਮੀਂਹ ਨੇ ਵਾਢੀ ਦੇ ਬਿਲਕੁਲ ਸਿਰ ’ਤੇ ਪਹੁੰਚ ਚੁੱਕੇ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੀਆਂ ਨਜ਼ਰਾਂ ਹੁਣ ਮੌਸਮ ਵੱਲ ਟਿਕਾ ਦਿੱਤੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਕੁਝ ਦਿਨਾਂ ਲਈ ਮੌਸਮ ਸਾਫ਼ ਰਹਿਣਾ ਜ਼ਰੂਰੀ ਹੈ ਤਾਂ ਜੋ ਪੱਕੀ ਫ਼ਸਲ ਦੀ ਸਮੇਂ ਸਿਰ ਵਾਢੀ ਕਰਕੇ ਉਸ ਨੂੰ ਮੰਡੀਆਂ ਤੱਕ ਪਹੁੰਚਾਇਆ ਜਾ ਸਕੇ।