ਮਾਮਲਾ ਕੇਂਦਰੀ ਜੀ. ਐੱਸ. ਟੀ. ਦਫ਼ਤਰ ਦਾ ਰਾਜਪੁਰਾ ਤੋਂ ਪਟਿਆਲਾ ਬਦਲਣ ਦਾ
ਰਾਜਪੁਰਾ, 9 ਅਕਤੂਬਰ (ਜੀ. ਪੀ.
ਰਾਜਪੁਰਾ, 9 ਅਕਤੂਬਰ (ਜੀ. ਪੀ. ਸਿੰਘ)- ਰਾਜਪੁਰਾ ਟੈਕਸੇਸ਼ਨ ਬਾਰ ਦਾ ਇਕ ਵਫ਼ਦ ਚੇਅਰਮੈਨ ਐਡਵੋਕੇਟ ਚਿਰੰਜੀਵ ਖੁਰਾਨਾ ਤੇ ਪ੍ਰਧਾਨ ਐਡਵੋਕੇਟ ਨਵਦੀਪ ਅਰੋੜਾ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਸੈਂਟਰਲ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਦੇ ਚੀਫ਼ ਕਮਿਸ਼ਨਰ ਸ਼ੁਭ ਚਿੰਤਨ ਨੂੰ ਮਿਲਿਆ। ਇਸ ਮੌਕੇ ਰਾਜਪੁਰਾ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ਼੍ਰੀਵਾਸਤਵ ਅਤੇ ਸਕੱਤਰ ਤੇਜਿੰਦਰ ਕਮਲੇਸ਼ ਵੀ ਆਪਣੀ ਟੀਮ ਸਮੇਤ ਵਫ਼ਦ ਵਿਚ ਸ਼ਾਮਲ ਹੋਏ। ਇਸ ਦੋਰਾਨ ਵਫ਼ਦ ਨੇ ਰਾਜਪੁਰਾ ਤੋਂ ਪਟਿਆਲਾ ਸ਼ਿਫਟ ਕੀਤੇ ਜਾ ਰਹੇ ਕੇਂਦਰੀ ਜੀ.ਐੱਸ.ਟੀ. ਦਫ਼ਤਰ ਨੂੰ ਰਾਜਪੁਰਾ ਵਿਖੇ ਹੀ ਰੱਖਣ ਦੀ ਆਪਣੀ ਮੁੱਖ ਮੰਗ ਰੱਖੀ ਅਤੇ ਮੰਗ ਪੱਤਰ ਸੋਂਪਿਆ। ਟੈਕਸੇਸ਼ਨ ਬਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਰਾਜਪੁਰਾ ਨੂੰ ਪੰਜਾਬ ਦਾ ‘ਗੇਟਵੇਅ ਆਫ਼ ਪੰਜਾਬ’ ਕਿਹਾ ਜਾਂਦਾ ਹੈ ਅਤੇ ਜੀ. ਐੱਸ. ਟੀ. ਰੈਵੇਨਿਊ ਦੇ ਪੱਖੋਂ ਵੀ ਇੱਥੇ ਦਫ਼ਤਰ ਦੀ ਮੌਜੂਦਗੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਦਫ਼ਤਰ ਪਟਿਆਲਾ ਸ਼ਿਫਟ ਹੋ ਜਾਂਦਾ ਹੈ ਤਾਂ ਟੈਕਸ ਪ੍ਰੋਫੈਸ਼ਨਲਾਂ ਅਤੇ ਕਾਰੋਬਾਰੀਆਂ ਨੂੰ ਛੋਟੇ-ਛੋਟੇ ਕੰਮਾਂ ਲਈ ਵੀ ਪਟਿਆਲਾ ਜਾਣਾ ਪਵੇਗਾ, ਜਿਸ ਨਾਲ ਸਮੇਂ ਅਤੇ ਵਾਹਨਾਂ ਦੇ ਵਾਧੂ ਤੇਲ ਵੀ ਖਰਚ ਹੋਵੇਗਾ। ਇਸ ਦੌਰਾਨ ਟੈਕਸੇਸ਼ਨ ਬਾਰ ਦੇ ਜਨਰਲ ਸਕੱਤਰ ਐਡਵੋਕੇਟ ਗੌਰਵ ਖੁਰਾਨਾ ਨੇ ਕਿਹਾ ਕਿ ਸਰਕਾਰ ਵੱਲੋਂ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਇਸ ਲਈ ਅਜਿਹੇ ਸਮੇਂ ਵਿਚ ਇਸ ਦਫ਼ਤਰ ਨੂੰ ਰਾਜਪੁਰਾ ਤੋਂ ਪਟਿਆਲਾ ਸ਼ਿਫਟ ਕਰਨਾ ਉਚਿਤ ਨਹੀਂ ਹੋਵੇਗਾ। ਇਸੇ ਤਰ੍ਹਾਂ ਰਾਜਪੁਰਾ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਰਾਜਪੁਰਾ ਆਉਣ ਵਾਲੇ ਸਮੇਂ ਵਿਚ ਇਕ ਵੱਡੇ ਉਦਯੋਗਿਕ ਹੱਬ ਵਜੋਂ ਵਿਕਸਤ ਹੋਣ ਜਾ ਰਿਹਾ ਹੈ। ਅਜਿਹੇ ਹਾਲਾਤ ਵਿਚ ਇੱਥੋਂ ਇਸ ਦਫ਼ਤਰ ਨੂੰ ਸ਼ਿਫਟ ਕਰਨਾ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਦੇ ਮੱਦੇਨਜ਼ਰ ਉਚਿਤ ਨਹੀਂ ਹੋਵੇਗਾ। ਇਸ ਦੋਰਾਨ ਚੀਫ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ `ਚ ਜੀ.ਐੱਸ.ਟੀ. ਦੀ ਆਪਣੀ ਇਮਾਰਤ ਹੈ ਤੇ ਰਾਜਪੁਰਾ `ਚ ਦਫ਼ਤਰ ਦਾ ਕਿਰਾਇਆ ਦੇਣਾ ਪੈ ਰਿਹਾ ਹੈ। ਇਸ ’ਤੇ ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਸਿਰਫ਼ ਕਿਰਾਏ ਦੀ ਬੱਚਤ ਦੇ ਆਧਾਰ ’ਤੇ ਦਫ਼ਤਰ ਨੂੰ ਰਾਜਪੁਰਾ ਤੋਂ ਬਦਲਣਾ ਵਪਾਰੀਆਂ ਅਤੇ ਟੈਕਸ ਪ੍ਰੋਫੈਸ਼ਨਲਾਂ ਲਈ ਸਹੂਲਤ ਦੀ ਦ੍ਰਿਸ਼ਟੀ ਨਾਲ ਠੀਕ ਨਹੀਂ ਹੋਵੇਗਾ। ਅੰਤ `ਚ ਚੀਫ ਕਮਿਸ਼ਨਰ ਸ਼ੁੱਭ ਚਿੰਤਨ ਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਵਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਐਡਵੋਕੇਟ ਦਵਿੰਦਰ ਪਾਹੂਜਾ, ਸੁਮਿਤ ਭੂਸ਼ਣ, ਇੰਡਸਟਰੀਅਲ ਐਸੋਸੀਏਸ਼ਨ ਦੇ ਰਵੀ ਸ਼ਰਮਾ, ਕੈਸ਼ੀਅਰ ਸੁਸ਼ੀਲ ਅਗਰਵਾਲ ਤੇ ਅਸੀਮ ਮਿਗਲਾਨੀ ਸਮੇਤ ਹੋਰ ਮੈਂਬਰ ਮੌਜੂਦ ਸਨ।