ਨਸ਼ੇੜੀਆਂ ਨੂੰ ਗਲਤ ਦੱਸਦੇ ਹਨ ਆਪਣਾ ਨਾਂਅ ਪੁਲਿਸ ਮੁਲਾਜ਼ਮ
ਸਮਾਣਾ, 7 ਨਵੰਬਰ (ਹਰਵਿੰਦਰ ਸਿੰਘ ਟੋਨੀ)-ਨਸ਼ਿਆਂ ਦੀ ਹੱਬ ਵਜੋਂ ਜਾਣੇ ਜਾਂਦੇ ਪਿੰਡ ਮੁਰਾਦਪੁਰਾ, ਜਿੱਥੇ ਕਦੇ ਭੁੱਕੀ ਤੇ ਅਫ਼ੀਮ ਆਮ ਮਿਲਦੀ ਸੀ, ਉਸ ਜਗ੍ਹਾ ਮੌਜੂਦਾ ਸਮੇਂ ਚਿੱਟਾ, ਸਮੈਕ, ਸਿੰਥੈਟਿਕ ਤੇ ਮੈਡੀਕਲ ਨਸ਼ੇ ਸ਼ਰੇਆਮ ਵਿਕਦੇ ਹਨ। ਇਸ ਪਿੰਡ ਵਿਚ ਪੁਲਿਸ ਚੌਂਕੀ ਸਥਾਪਿਤ ਕੀਤੇ ਜਾਣ ਦੇ ਬਾਵਜੂਦ ਨਸ਼ਿਆਂ ਦੀ ਵਿੱਕਰੀ ਘਟਣ ਦੀ ਬਜਾਇ ਵਧਦੀ ਹੀ ਜਾਂਦੀ ਹੈ।
ਸਮਾਣਾ, 7 ਨਵੰਬਰ (ਹਰਵਿੰਦਰ ਸਿੰਘ ਟੋਨੀ)-ਨਸ਼ਿਆਂ ਦੀ ਹੱਬ ਵਜੋਂ ਜਾਣੇ ਜਾਂਦੇ ਪਿੰਡ ਮੁਰਾਦਪੁਰਾ, ਜਿੱਥੇ ਕਦੇ ਭੁੱਕੀ ਤੇ ਅਫ਼ੀਮ ਆਮ ਮਿਲਦੀ ਸੀ, ਉਸ ਜਗ੍ਹਾ ਮੌਜੂਦਾ ਸਮੇਂ ਚਿੱਟਾ, ਸਮੈਕ, ਸਿੰਥੈਟਿਕ ਤੇ ਮੈਡੀਕਲ ਨਸ਼ੇ ਸ਼ਰੇਆਮ ਵਿਕਦੇ ਹਨ। ਇਸ ਪਿੰਡ ਵਿਚ ਪੁਲਿਸ ਚੌਂਕੀ ਸਥਾਪਿਤ ਕੀਤੇ ਜਾਣ ਦੇ ਬਾਵਜੂਦ ਨਸ਼ਿਆਂ ਦੀ ਵਿੱਕਰੀ ਘਟਣ ਦੀ ਬਜਾਇ ਵਧਦੀ ਹੀ ਜਾਂਦੀ ਹੈ। ਇਸ ਪਿੰਡ ਵਿਚ ਖ਼ਾਸ ਗੱਲ ਇਹ ਹੈ ਕਿ ਪੁਲਿਸ ਮੁਲਾਜ਼ਮ ਪਿੰਡ ਦੇ ਆਲੇ-ਦੁਆਲੇ ਪ੍ਰਾਈਵੇਟ ਵਾਹਨਾਂ ਵਿਚ ਨਾਕਾ ਲਗਾ ਕੇ ਨਸ਼ੇੜੀ ਨੌਜਵਾਨਾਂ, ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਲ ਹੁੰਦੀਆਂ ਹਨ, ਨੂੰ ਕਾਬੂ ਕਰ ਲੈਂਦੇ ਹਨ ਤੇ ਕਾਬੂ ਕਰਨ ਤੋਂ ਬਾਅਦ ਉਨ੍ਹਾਂ ਤੋਂ ਵਾਹਨ ਤੇ ਕੀਮਤੀ ਮੋਬਾਈਲ ਆਦਿ ਖੋਹ ਕੇ ਨਸ਼ੇੜੀਆਂ ਨੂੰ ਭਜਾ ਦਿੰਦੇ ਹਨ। ਸੂਤਰਾਂ ਮੁਤਾਬਿਕ ਪੁਲਿਸ ਮੁਲਾਜ਼ਮ ਇਹ ਚੀਜ਼ਾਂ ਖੋਹ ਕੇ ਨਸ਼ੇੜੀਆਂ ਨੂੰ ਆਪਣਾ ਨਾਮ ਵੀ ਗਲਤ ਦੱਸਦੇ ਹਨ ਤੇ ਕਈ ਨਸ਼ੇੜੀਆਂ ਕੋਲ ਵਾਹਨ ਤੇ ਮੋਬਾਈਲ ਆਦਿ ਕਥਿਤ ਚੋਰੀ ਦੇ ਹੋਣ ਕਾਰਨ ਨਸ਼ੇੜੀ ਚੀਜ਼ਾਂ ਵਾਪਸ ਨਹੀਂ ਲੈਣ ਜਾਂਦੇ ਤੇ ਕਥਿਤ ਰੂਪ ਵਿਚ ਵੇਚ ਦਿੰਦੇ ਹਨ। ਸੂਤਰਾਂ ਮੁਤਾਬਿਕ ਪਿੰਡ ਮੁਰਾਦਪੁਰਾ ਵਿਚ ਰਹਿਣ ਵਾਲੇ ਇਕ ਵਿਸ਼ੇਸ਼ ਫ਼ਿਰਕੇ ਦੇ ਲੋਕ ਆਪਣੇ ਜਾਂ ਆਪਣੇ ਸਾਥੀਆਂ ਰਾਹੀਂ ਜਿਹੜਾ ਚਿੱਟਾ ਤੇ ਸਮੈਕ ਆਦਿ ਵੇਚਦੇ ਹਨ, ਦੇ ਨਾਲ ਕਾਫੀ ਗਿਣਤੀ ਲੋਕਾਂ ਦੇ ਮਰ ਜਾਣ ਦੀ ਖ਼ਬਰ ਹੈ ਤੇ ਕਈਆਂ ਦੀਆਂ ਬਾਂਹਾਂ ਵਿਚ ਚਿੱਟੇ ਦੀਆਂ ਸੂਈਆਂ ਲਟਕਦੀਆਂ ਰਹਿ ਜਾਂਦੀਆਂ ਹਨ ਤੇ ਇਨ੍ਹਾਂ ਚਿੱਟੇ ਕਾਰਨ ਮਰਨ ਵਾਲਿਆਂ ਵਿਚ ਕਾਫੀ ਗਿਣਤੀ ਲੋਕ ਬਾਹਰਲੇ ਪਿੰਡਾਂ ਤੇ ਸ਼ਹਿਰਾਂ ਆਦਿ ਦੇ ਵਸਿੰਦੇ ਦੱਸੇ ਜਾਂਦੇ ਹਨ। ਸੂਤਰਾਂ ਮੁਤਾਬਿਕ ਪਿੰਡ ਵਿਚ ਵਿਕਦੇ ਕਥਿਤ ਚਿੱਟੇ ਕਾਰਨ ਰੋਜ਼ਾਨਾ ਚਾਰ-ਪੰਜ ਮੌਤਾਂ ਹੁੰਦੀਆਂ ਦੱਸੀਆਂ ਜਾਂਦੀਆਂ ਹਨ ਤੇ ਬੀਤੇ ਬੁੱਧਵਾਰ ਨੂੰ ਵੀ ਨੇੜਲੇ ਪਿੰਡ ਦੇ ਇਕ ਨੌਜਵਾਨ ਦੀ ਮੌਤ ਚਿੱਟੇ ਦੇ ਸੇਵਨ ਕਾਰਨ ਹੋਈ ਦੱਸੀ ਜਾਂਦੀ ਹੈ, ਇਨ੍ਹਾਂ ਨਸ਼ੀਲੀਆਂ ਚੀਜ਼ਾਂ ਦੀ ਵਿੱਕਰੀ ਦਾ ਮੁੱਖ ਕਾਰਨ ਪੁਲਿਸ ਪ੍ਰਸ਼ਾਸਨ ਦੇ ਨਾਲ ਤੁਰੇ ਫਿਰਦੇ ਪ੍ਰਾਈਵੇਟ ਵਿਅਕਤੀਆਂ ਦੀ ਦਖ਼ਲਅੰਦਾਜ਼ੀ ਦੱਸੀ ਜਾਂਦੀ ਹੈ ਤੇ ਹੈਰਾਨੀ ਦੀ ਗੱਲ ਹੈ ਕਿ ਇਹ ਵਿਅਕਤੀ ਪੁਲਿਸ ਤਫ਼ਤੀਸ਼ ਸਮੇਤ ਹਰੇਕ ਤਰ੍ਹਾਂ ਦੀ ਪੜਤਾਲ ਵਿਚ ਹਿੱਸਾ ਲੈਂਦੇ ਹਨ। ਸੂਤਰਾਂ ਮੁਤਾਬਿਕ ਇਹ ਪ੍ਰਾਈਵੇਟ ਵਿਅਕਤੀ ਪੁਲਿਸ ਦੇ ਜ਼ਰੂਰੀ ਦਸਤਾਵੇਜ਼ਾਂ ਦੀ ਨਜ਼ਰਸਾਨੀ ਤਾਂ ਕਰਦੇ ਹੀ ਹਨ, ਦੇ ਨਾਲ ਹੀ ਹਨੇਰੇ ਸਵੇਰੇ ਪੁਲਿਸ ਨਾਲ ਨਾਕਾਬੰਦੀ ਵੀ ਕਰਦੇ ਹਨ ਜੋ ਪੁਲਿਸ ਦੀ ਸੁਰੱਖਿਆ ਵਿਚ ਸੰਨ ਲਾਉਣਾ ਹੈ। ਪੁਲਿਸ ਦੇ ਉਚ ਅਧਿਕਾਰੀਆਂ ਦਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਪ੍ਰਾਈਵੇਟ ਵਿਅਕਤੀਆਂ ’ ਤੇ ਨਿਗ੍ਹਾ ਰੱਖਦਿਆਂ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਵਿਭਾਗ ਵਿਚ ਕੋਈ ਗਲਤ ਘਟਨਾ ਨਾ ਵਾਪਰ ਸਕੇ। ਪ੍ਰਾਈਵੇਟ ਵਿਅਕਤੀ ਸਰਕਾਰੀ ਕੰਮਾਂ ਵਿਚ ਹਿੱਸਾ ਲੈਣ ਤੋਂ ਗੁਰੇਜ਼ ਕਰਨ।