ਦੁਕਾਨਦਾਰ ਤੋਂ ਨੌਸਰਬਾਜ਼ 5 ਹਜ਼ਾਰ ਰੁਪਏ ਦੇ ਨੋਟਾਂ ਵਾਲੇ ਹਾਰ ਝਪਟ ਕੇ ਹੋਏ ਫ਼ਰਾਰ
ਬਨੂੜ, 29 ਨਵੰਬਰ (ਭੁਪਿੰਦਰ ਸਿੰਘ)-ਬੀਤੇ ਦਿਨੀ ਸ਼ਹਿਰ ਦੇ ਇੱਕ ਦੁਕਾਨਦਾਰ ਕੋਲੋਂ ਦੋ ਨੌਸਰਬਾਜ ਮੋਟਰਸਾਈਕਲ ਨੌਜਵਾਨ 5000 ਰੁਪਏ ਦੀ ਕੀਮਤ ਵਾਲੇ ਦੋ ਨੋਟਾਂ ਦੇ ਹਾਰ ਝਪਟ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਬੱਬੀ ਦੀ ਹੱਟੀ ਨਾਂਅ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ।
ਬਨੂੜ, 29 ਨਵੰਬਰ (ਭੁਪਿੰਦਰ ਸਿੰਘ)-ਬੀਤੇ ਦਿਨੀ ਸ਼ਹਿਰ ਦੇ ਇੱਕ ਦੁਕਾਨਦਾਰ ਕੋਲੋਂ ਦੋ ਨੌਸਰਬਾਜ ਮੋਟਰਸਾਈਕਲ ਨੌਜਵਾਨ 5000 ਰੁਪਏ ਦੀ ਕੀਮਤ ਵਾਲੇ ਦੋ ਨੋਟਾਂ ਦੇ ਹਾਰ ਝਪਟ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਬੱਬੀ ਦੀ ਹੱਟੀ ਨਾਂਅ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਸਵਾ 6 ਕੁ ਵਜੇ ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਉਨ੍ਹਾਂ ਵਿਚੋਂ ਇੱਕ ਮੋਟਰਸਾਈਕਲ ਤੇ ਦੁਕਾਨ ਦੇ ਬਾਹਰ ਬੈਠਾ ਰਿਹਾ ਤੇ ਦੂਜਾ ਨੌਜਵਾਨ ਦੁਕਾਨ ਅੰਦਰ ਆ ਕੇ ਨੋਟਾਂ ਵਾਲੇ ਹਾਰ ਦੇਖਣ ਲੱਗ ਪਿਆ। ਉਨ੍ਹਾਂ ਨੇ ਦੱਸਿਆ ਕਿ ਉਸ ਨੌਜਵਾਨ ਨੇ ਦੋ ਨੋਟਾਂ ਵਾਲੇ ਹਾਰ ਪਸੰਦ ਕੀਤੇ ਜਿਨ੍ਹਾਂ ਦੀ ਕੀਮਤ 5000 ਰੁਪਏ ਬਣਦੀ ਸੀ, ਦੋਵੇਂ ਹਾਰ ਪਸੰਦ ਆ ਜਾਣ ਤੋਂ ਬਾਅਦ ਉਸ ਨੌਜਵਾਨ ਨੇ ਕਿਹਾ ਕਿ ਉਹ ਆਨਲਾਈਨ ਪੈਸੇ ਪਾਵੇਗਾ ਤੇ ਉਸ ਨੇ ਕਿਸੇ ਐਪ ਰਾਹੀ 5 ਹਜਾਰ ਰੁਪਏ ਦੀ ਰਾਸ਼ੀ ਪੈਣ ਦਾ ਆਪਣੇ ਮੋਬਾਈਲ ਤੋਂ ਮੈਸੇਜ ਦਿਖਾਇਆ। ਪਰ ਦੁਕਾਨ ਮਾਲਕ ਨੇ ਉਸ ਨੌਜਵਾਨ ਨੂੰ ਕਿਹਾ ਕਿ ਜਦੋਂ ਤੱਕ ਉਸ ਦੇ ਖਾਤੇ ਵਿਚ ਪੈਸੇ ਆਉਣ ਦਾ ਮੈਸੇਜ ਨਹੀਂ ਦੇਖਦਾ ਉਦੋਂ ਤੱਕ ਉਹ ਉਸ ਨੂੰ ਨੋਟਾਂ ਵਾਲੇ ਹਾਰ ਨਹੀਂ ਦੇਵੇਗਾ। ਜਦੋਂ ਉਹ ਆਪਣੇ ਮੋਬਾਇਲ ਫੋਨ ਤੇ ਪੈਸੇ ਆਉਣ ਦਾ ਮੈਸੇਜ ਚੈੱਕ ਕਰਨ ਲੱਗਿਆ ਤਾਂ ਉਕਤ ਨੌਜਵਾਨ ਨੇ ਉਸ ਦੀ ਦੁਕਾਨ ਦੇ ਕੰਮ ਕਰਨ ਵਾਲੇ ਲੜਕੇ ਕੋਲੋਂ ਦੋਵੇਂ 5 ਹਜ਼ਾਰ ਰੁਪਏ ਦੀ ਕੀਮਤ ਵਾਲੇ ਨੋਟਾਂ ਦੇ ਹਾਰ ਝਪਟ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਨੌਸਰਬਾਜ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕੀਤਾ, ਪਰ ਉਹ ਸ਼ਾਮ ਦੇ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋ ਗਏ। ਸ਼ਹਿਰ ਦੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਨੌਸਰਬਾਜਾ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਨਿਤ ਹੋ ਰਹੇ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।