ਜੈਤੋ, 2 ਜਨਵਰੀ (ਗੁਰਮੀਤਪਾਲ ਰੋੜੀਕਪੂਰਾ)-ਕੁਦਰਤੀ ਖੇਤੀ ਨਾਲ ਸੰਬੰਧਿਤ ਕਿਸਾਨਾਂ ਦੀ ਜ਼ਰੂਰੀ ਬੈਠਕ ਖੇਤੀ ਵਿਰਾਸਤ ਮਿਸ਼ਨ ਦੇ ਮੁੱਖ ਦਫ਼ਤਰ ਕਿਸਾਨ ਭਵਨ, ਆਰ. ਵੀ. ਸ਼ਾਂਤੀ ਨਗਰ ਜੈਤੋ ਵਿਖੇ ਹੋਈ | ਬੈਠਕ ਦੀ ਪ੍ਰਧਾਨਗੀ ਕਾਰਜਕਾਰੀ ਨਿਰਦੇਸ਼ਕ ਓਮੇਂਦਰ ਦੱਤ ਨੇ ਕੀਤੀ | ਜਿਸ ਦੌਰਾਨ ਕੁਦਰਤੀ ਖੇਤੀ ਕਿਸਾਨਾਂ ਨਾਲ ਜੁੜੇ ਮੁੱਦਿਆਂ ਸੰਬੰਧੀ ਆਗਾਮੀ ਦਿਨਾਂ ਦੌਰਾਨ ਕੀਤੇ ਜਾਣ ਵਾਲੇ ਉੱਦਮਾਂ ਬਾਰੇ ਚਰਚਾ | ਬੈਠਕ ਦੌਰਾਨ ਓਮੇਂਦਰ ਦੱਤ ਨੇ ਕਿਸਾਨ ਗੋਸ਼ਟੀਆਂ ਦਾ ਸਿਲਸਿਲਾ ਮੁੜ ਆਰੰਭਣ ਬਾਰੇ ਜਾਣਕਾਰੀ ਸਾਂਝੀ ਕੀਤੀ | ਇਹ ਗੋਸ਼ਟੀ ਹਰ ਮਹੀਨੇ ਦੂਜੇ ਸ਼ਨਿਚਰਵਾਰ ਖੇਤੀ ਵਿਰਾਸਤ ਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਹੋਇਆ ਕਰੇਗੀ | ਇਨ੍ਹਾਂ ਗੋਸ਼ਟੀਆਂ ਦੌਰਾਨ ਉਸ ਮਹੀਨੇ ਖੇਤੀ ਰੁਝੇਵਿਆਂ ਬਾਰੇ ਚਰਚਾ ਤੋਂ ਇਲਾਵਾ ਕੁਦਰਤੀ ਖੇਤੀ ਕਿਸਾਨਾਂ ਦੀਆਂ ਖੇਤੀ ਸੰਬੰਧੀ ਦਿੱਕਤਾਂ ਦਾ ਨਿਪਟਾਰਾ ਮਾਹਿਰਾਂ ਦੀ ਸਹਾਇਤਾ ਨਾਲ ਕੀਤਾ ਜਾਇਆ ਕਰੇਗਾ | ਕੁਦਰਤੀ ਖੇਤੀ ਸੰਬੰਧੀ ਗਿਆਨ, ਵਿਗਿਆਨ ਦੀ ਸਮਝ ਤੇ ਕੁਦਰਤੀ ਖੇਤੀ ਉਤਪਾਦਾਂ ਦੀ ਮਾਰਕੀਟਿੰਗ ਨਾਲ ਜੁੜੇ ਮਸਲਿਆਂ ਨੂੰ ਵੀ ਹੱਲ ਕੀਤਾ ਜਾਵੇਗਾ | ਇਨ੍ਹਾਂ ਕਿਸਾਨ ਗੋਸ਼ਟੀਆਂ ਲਈ ਬਲਦੇਵ ਸਿੰਘ ਸਰਾਵਾਂ ਨੂੰ ਕਨਵੀਨਰ ਅਤੇ ਚਰਨਜੀਤ ਸਿੰਘ ਪੁੰਨੀ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ | ਜਗਤਾਰ ਧਾਲੀਵਾਲ ਤਕਨੀਕੀ ਮਾਹਿਰ ਵਜੋਂ ਸਹਿਯੋਗੀ ਹੋਣਗੇ | ਬੈਠਕ ਦੌਰਾਨ ਕੁਦਰਤੀ ਖੇਤੀ ਨਾਲ ਜੁੜੇ ਕੁਝ ਹੋਰ ਮੁੱਦੇ ਵੀ ਚਰਚਾ ਵਿਚ ਆਏ | ਇਨ੍ਹਾਂ ਮੁੱਦਿਆਂ ਬਾਰੇ ਆਉਣ ਵਾਲੇ ਸਮੇਂ 'ਚ ਵੱਡੇ ਪੱਧਰ 'ਤੇ ਚਰਚਾ ਕਰਨ ਤੇ ਇਨ੍ਹਾਂ ਦਾ ਯੋਗ ਹੱਲ ਲੱਭਣ ਦਾ ਉਪਰਾਲਾ ਕੀਤਾ ਜਾਵੇਗਾ | ਕਿਸਾਨ ਬਲਦੇਵ ਸਿੰਘ ਸਰਾਵਾਂ ਨੇ ਕੁਦਰਤੀ ਖੇਤੀ ਤਹਿਤ ਉਗਾਏ ਝੋਨੇ ਦੀ ਮਾਰਕੀਟਿੰਗ ਦਾ ਮੁੱਦਾ ਉਠਾਇਆ | ਉਨ੍ਹਾਂ ਕਿਹਾ ਕਿ ਮੰਡੀ 'ਚ ਆਮ ਝੋਨੇ ਦੇ ਭਾਅ ਇਸ ਝੋਨੇ ਨੂੰ ਵੇਚ ਕੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ | ਇਸ ਦੀ ਪ੍ਰੋਸੈਸਿੰਗ ਵਿਚ ਵੀ ਦਿੱਕਤਾਂ ਆਉਂਦੀਆਂ ਹਨ | ਚਰਨਜੀਤ ਸਿੰਘ ਪੁੰਨੀ ਚੈਨਾ 'ਤੇ ਗੋਰਾ ਸਿੰਘ ਨੇ ਕੁਦਰਤੀ ਖੇਤੀ ਕਿਸਾਨਾਂ ਨੂੰ ਝੋਨੇ ਤੋਂ ਕਿਨਾਰਾ ਕਰਕੇ ਬਦਲ ਲੱਭਣ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਝੋਨੇ ਦੀ ਬਜਾਏ ਸਬਜ਼ੀਆਂ, ਮਿਲੇਟ, ਬਾਜਰਾ, ਜਵਾਰ ਆਦਿ ਨੂੰ ਬਦਲ ਵਜੋਂ ਅਪਣਾਇਆ ਜਾਵੇ | ਬਲਦੇਵ ਸਿੰਘ ਨੇ ਇਹ ਵੀ ਮੁੱਦਾ ਉਠਾਇਆ ਕਿ ਮਿਲੇਟ ਤੋਂ ਬਾਅਦ ਉਸ ਖੇਤ 'ਚ ਅਗਲੀ ਫ਼ਸਲ ਨਰਮ ਰਹਿੰਦੀ ਹੈ | ਇੱਥੋਂ ਤੱਕ ਕਿ ਦਾਲਾਂ ਵੀ ਕਮਜ਼ੋਰ ਹੁੰਦੀਆਂ ਹਨ | ਇਸ ਬਾਬਤ ਗੋਰਾ ਸਿੰਘ ਨੇ ਸੁਝਾਅ ਦਿੱਤਾ ਕਿ ਜੇਕਰ ਕਿਸਾਨ ਆਪਣੇ ਖੇਤ ਨੂੰ ਕੁਝ ਭਾਗਾਂ ਵਿਚ ਵੰਡ ਕੇ ਬਦਲਵੀਆਂ ਫ਼ਸਲਾਂ ਉਗਾਉਣ ਤਾਂ ਇਸ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਨਿਜ਼ਾਤ ਮਿਲ ਸਕਦੀ ਹੈ | ਬੈਠਕ 'ਚ ਖੇਤੀ ਵਿਰਾਸਤ ਮਿਸ਼ਨ ਦੇ ਸੰਯੁਕਤ ਕਾਰਜਕਾਰੀ ਨਿਰਦੇਸ਼ਕ ਅਭਿਸ਼ੇਕ ਜੋਸ਼ੀ, ਤਿ੍ੰਝਣ ਦੀ ਨਿਰਦੇਸ਼ਕ ਰੂਪਸੀ ਗਰਗ, ਰਮੇਸ਼ ਮਾਂਡੀਆ, ਹਰਮੇਲ ਪ੍ਰੀਤ, ਜਸਵੀਰ ਸਿੰਘ ਸਰਾਵਾਂ, ਭੁਪਿੰਦਰ ਸਿੰਘ ਸੇਵੇਵਾਲਾ, ਲਖਵਿੰਦਰ ਸਿੰਘ ਜੈਤੋ, ਗੁਰਵਿੰਦਰ ਸ਼ਰਮਾ ਤੇ ਸੁਖਵਿੰਦਰ ਸਿੰਘ ਹੈਪੀ ਵੀ ਮੌਜੂਦ ਸਨ |