ਅਜੀਤਵਾਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਅਜੀਤ ਡੈਸਕ
05-01-2026
ਅਜੀਤਵਾਲ, 4 ਜਨਵਰੀ (ਹਰਦੇਵ ਸਿੰਘ ਮਾਨ)-ਕਸਬਾ ਅਜੀਤਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੱਤੀ ਸੰਧੂ ਗੁਰਦੁਆਰਾ ਸਾਹਿਬ ਤੋਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਉਪਰੰਤ ਅਰੰਭ ਹੋ ਕੇ ਨਗਰ ਕੀਰਤਨ ਸਾਰੇ ਪਿੰਡ 'ਚੋਂ ਗੁਜਰਿਆ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫੁੱਲਾਂ ਨਾਲ ਸਜੀ ਪਾਲਕੀ ਅੱਗੇ ਫੁੱਲਾਂ ਦੀ ਵਰਖਾ ਅਤੇ ਜਲ ਛਿੜਕਾ ਨਾਲ ਸੰਗਤਾਂ ਗੁਰੂ ਜਸ ਗਾਉਂਦੀਆਂ ਪੈਦਲ ਚੱਲ ਰਹੀਆਂ ਸਨ |
ਭਾਈ ਤਰਸੇਮ ਸਿੰਘ, ਭਾਈ ਅੰਮਿ੍ਤਪਾਲ ਸਿੰਘ ਕੋਕਰੀ ਕਲਾਂ ਵਾਲਿਆਂ ਦੇ ਰਾਗੀ ਜਥੇ ਅਤੇ ਡਾ. ਅਜੀਤਪਾਲ ਸਿੰਘ ਸਫ਼ਰੀ ਸਫੀਪੁਰ ਵਾਲਿਆਂ ਦੇ ਢਾਡੀ ਜਥੇ ਵਲੋਂ ਸਾਰਾ ਦਿਨ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਨਾਲ ਧਾਰਮਿਕ ਮਹੌਲ ਸਿਰਜਿਆ | ਪਿੰਡ ਦੇ ਵੱਖ-ਵੱਖ ਧਾਰਮਿਕ ਅਸਥਾਨਾਂ, ਪੱਤੀਆਂ ਅਤੇ ਨਗਰ ਵਾਸੀਆਂ ਸੰਗਤਾਂ ਵਲੋਂ ਥਾਂ-ਥਾਂ 'ਤੇ ਸੰਗਤਾਂ ਲਈ ਲੰਗਰ ਲਗਾਏ ਗਏ, ਜਿਸ 'ਚ ਮੁਸਲਮਾਨ ਭਾਈਚਾਰੇ ਵਲੋਂ ਵੀ ਬਹੁਤ ਸ਼ਰਧਾ ਭਾਵਨਾ ਨਾਲ ਸੰਗਤਾਂ ਲਈ ਲੰਗਰ ਲਗਾਏ ਗਏ | ਸਾਰਾ ਦਿਨ ਗਤਕਾ ਪਾਰਟੀ ਨੇ ਆਪਣੀ ਕਲਾ ਰਾਹੀਂ ਸੰਗਤਾਂ ਦਾ ਦਿਲ ਜਿੱਤਿਆ | ਨਗਰ ਕੀਰਤਨ ਦੇ ਵੱਡੇ ਪੜਾਅ ਦੌਰਾਨ ਨਿਰਮਲ ਆਸ਼ਰਮ ਡੇਰਾ ਸਮਾਧਾਂ ਵਿਖੇ ਸਾਰੇ ਨਗਰ ਦੀਆਂ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਲਈ ਪ੍ਰਸ਼ਾਦੇ ਦਾ ਲੰਗਰ ਲਗਾਇਆ ਗਿਆ, ਜਿੱਥੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਵਲੋਂ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਦਾ ਸਮੁੱਚਾ ਜੀਵਨ ਦੇਸ, ਕੌਮ ਅਤੇ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਰਿਹਾ ਤੇ ਅੱਜ ਸਾਨੂੰ ਉਨ੍ਹਾਂ ਦੇ ਦੱਸੇ ਜੀਵਨ ਮਾਰਗ 'ਤੇ ਚੱਲਦਿਆਂ ਦੇਸ਼, ਕੌਮ ਅਤੇ ਮਨੁੱਖਤਾ ਦੇ ਭਲੇ ਲਈ ਯਤਨ ਕਰਨੇ ਚਾਹੀਦੇ ਹਨ, ਉਨ੍ਹਾਂ ਨਗਰ ਕੀਰਤਨ ਨਾਲ ਪਹੁੰਚੀਆਂ ਸੰਗਤਾਂ ਨੂੰ ਵੀ ਜੀ ਆਇਆਂ ਆਖਿਆ | ਨਗਰ ਕੀਰਤਨ ਦੌਰਾਨ ਅਸਥਾਨ ਵਿਖੇ ਵੱਡੀ ਗਿਣਤੀ ਸੰਗਤਾਂ ਅਤੇ ਸੇਵਾਦਾਰਾਂ ਨੇ ਹਾਜ਼ਰੀਆਂ ਲਗਵਾਈਆਂ |