ਕੋਟਕਪੂਰਾ, 4 ਜਨਵਰੀ (ਮੋਹਰ ਸਿੰਘ ਗਿੱਲ)-ਦਸਮੇਸ਼ ਮਾਰਕੀਟ ਕੋਟਕਪੂਰਾ ਦੀ ਇਕ ਮੀਟਿੰਗ ਸ਼ਰਮਾ ਸਕੇਲ ਕੰਪਨੀ ਦੇ ਦਫ਼ਤਰ ਵਿਖੇ ਪ੍ਰਧਾਨ ਡਾ. ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਮਾਰਕੀਟ ਵਿਚ ਸਫ਼ਾਈ, ਲਾਈਟਾਂ ਦੇ ਪ੍ਰਬੰਧ, ਚੌਂਕੀਦਾਰ ਅਤੇ ਹੋਰ ਕੰਮਕਾਜ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦਸਮੇਸ਼ ਮਾਰਕੀਟ ਨੂੰ ਸ਼ਾਨਦਾਰ ਅਗਵਾਈ ਦੇਣ ਲਈ ਪ੍ਰਧਾਨ ਡਾ. ਰਣਜੀਤ ਸਿੰਘ ਦੀ ਦੁਕਾਨਦਾਰਾਂ ਵਲੋਂ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਯਤਨ ਕਰਨ ਦੀ ਭਰਵੀਂ ਸ਼ਲਾਘਾ ਕੀਤੀ | ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਲੰਘੇ ਬਰਸਾਤਾਂ ਦੇ ਮੌਸਮ ਦੌਰਾਨ ਮਾਰਕੀਟ ਵਿਚ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਕਾਰਨ ਸਮੂਹ ਦੁਕਾਨਦਾਰਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅਤੇ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | ਉਨ੍ਹਾਂ ਦੱਸਿਆ ਕਿ ਇਸ ਮਾਰਕੀਟ ਵਿਚੋਂ ਬਾਰਿਸ਼ਾਂ ਦੇ ਪਾਣੀ ਦੀ ਨਿਕਾਸੀ ਦੇ ਸੁਚੱਜੇ ਪ੍ਰਬੰਧ ਕਰਨ ਲਈ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਵੀ ਮਿਲਿਆ ਜਾਵੇਗਾ, ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀ ਕੋਈ ਸਮੱਸਿਆ ਦਾ ਮੁੜ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਮਾਰਕੀਟ ਦੇ ਸੀਨੀਅਰ ਮੈਂਬਰ ਸਤੀਸ਼ ਸ਼ਰਮਾ, ਰਵੀ ਬਹਿਲ, ਰਵੀ ਭੂਸ਼ਨ ਭੱਲਾ, ਸ਼ਿੰਟਾ ਅਸੀਜਾ ਅਤੇ ਸੋਨੀ ਕਾਮਰਾ ਵਲੋਂ ਮਾਘ ਦੇ ਪਵਿੱਤਰ ਮਹੀਨੇ ਦੌਰਾਨ ਲੰਗਰ ਲਗਾਉਣ ਦੀ ਤਜਵੀਜ ਪੇਸ਼ ਕੀਤੀ ਗਈ, ਜਿਸ ਨੂੰ ਸਮੂਹ ਮੈਂਬਰਾਂ ਵਲੋਂ ਪ੍ਰਵਾਨ ਕਰਦੇ ਹੋਏ ਆਉਣ ਵਾਲੀ 14 ਜਨਵਰੀ ਨੂੰ ਪੂਰੀਆਂ-ਛੋਲਿਆਂ ਦਾ ਲੰਗਰ ਲਗਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਮਾਸਟਰ ਸੋਮਨਾਥ ਅਰੋੜਾ, ਨਰਿੰਦਰ ਬਾਬਾ ਮਿਲਕ, ਸੋਨੀ ਕਾਮਰਾ, ਅਮਨ ਬਾਵਾ, ਰੋਸ਼ਨ ਚਾਵਲਾ, ਰਿੰਕੀ ਪੁਰਬਾ, ਸੰਚਿਤ ਜੈਨ, ਰੇਸ਼ਮ ਧਿੰਗੜਾ ਹਾਜ਼ਰ ਸਨ |