ਫ਼ਰੀਦਕੋਟ, 5 ਜਨਵਰੀ (ਸਤੀਸ਼ ਬਾਗ਼ੀ)-ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਇਕਾਈ ਦੀ ਮੀਟਿੰਗ ਪ੍ਰਧਾਨ ਹਰਜਿੰਦਰ ਸਿੰਘ ਧਾਲੀਵਾਲ ਸੇਵਾ ਮੁਕਤ ਡੀ.ਐਸ.ਪੀ. ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਸੰਬੋਧਨ ਕਰਦਿਆਂ ਸ: ਧਾਲੀਵਾਲ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈ ਦਿੱਤੀ ਅਤੇ ਨਵੇਂ ਮੈਂਬਰ ਸੇਵਾ ਮੁਕਤ ਡੀ.ਐਸ.ਪੀ ਗੁਰਜੀਤ ਸਿੰਘ ਗੋਂਦਾਰਾ, ਸਾਬਕਾ ਏ.ਐਸ.ਆਈ ਪਰਮਜੀਤ ਸਿੰਘ, ਏ.ਐਸ.ਆਈ ਕਾਬਲ ਸਿੰਘ ਅਤੇ ਸਾਬਕਾ ਏ.ਐਸ.ਆਈ ਇਕਬਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ | ਪ੍ਰਧਾਨ ਨੇ ਸਟੇਟ ਬਾਡੀ ਵਲੋਂ ਮਿਲੀਆਂ ਹਦਾਇਤਾਂ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਸਬੰਧੀ ਵੀ ਜਾਣਕਾਰੀ ਮੈਂਬਰਾਂ ਨਾਲ ਸਾਂਝੀ ਕਰਦਿਆਂ ਮੈਂਬਰਾਂ ਨੂੰ ਆਪਣੀ ਕੇ.ਵਾਈ.ਸੀ ਕਰਵਾਉਣ ਦੀ ਪ੍ਰਕਿਰਿਆ ਵੀ ਮੁਕੰਮਲ ਕਰਨ ਦੀ ਅਪੀਲ ਕੀਤੀ | ਮੀਟਿੰਗ ਸਮੇਂ ਬੁਲਾਰਿਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਲ ਸਕੀਮ ਲਾਗੂ ਕੀਤੀ ਜਾਵੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਕਾਇਆ ਡੀ.ਏ ਜਾਰੀ ਕਰਕੇ ਕੇਂਦਰ ਸਰਕਾਰ ਦੇ ਬਰਾਬਰ 58% ਅਤੇ ਮੈਡੀਕਲ ਭੱਤਾ 2500 ਰੁਪਏ ਕਰਕੇ ਡੀ.ਏ ਦੇ ਬਣਦੇ ਬਕਾਏ ਦਾ ਭੁਗਤਾਣ ਯੱਕਮੁਸ਼ਤ ਕੀਤਾ ਜਾਵੇ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 8 ਫਰਵਰੀ ਦਿਨ ਐਤਵਾਰ ਨੂੰ ਸੰਸਥਾ ਦੇ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਰਬੱਤ ਦੇ ਭਲੇ ਲਈ ਹੋਵੇਗਾ | ਇਸ ਪ੍ਰੋਗਰਾਮ ਦੀ ਲਈ ਸੇਵਾ ਮੁਕਤ ਇੰਸਪੈਕਟਰ ਸੁਰਿੰਦਰ ਸਿੰਘ, ਸੁਖਮੰਦਰ ਸਿੰਘ, ਸਬ ਇੰਸ: ਸੁਰਜੀਤ ਸਿੰਘ, ਹੌਲਦਾਰ ਕੁਲਵੰਤ ਸਿੰਘ ਜੌਹਲ ਅਤੇ ਅਸ਼ੋਕ ਕੁਮਾਰ ਸੇਵਾ ਮੁਕਤ ਐਕਾਊਾਟੈਂਟ ਨੂੰ ਸ਼ਾਮਿਲ ਕਰਕੇ ਕਮੇਟੀ ਦਾ ਗਠਨ ਕੀਤਾ ਗਿਆ | ਮੀਟਿੰਗ ਦੌਰਾਨ ਸੰਸਥਾ ਦੇ ਸਵਰਗਵਾਸ ਹੋਏ ਮੈਂਬਰਾਂ ਸਰੂਪ ਸਿੰਘ ਡੀ.ਐਸ.ਪੀ, ਐਸ.ਆਈ ਚਰਨ ਸਿੰਘ ਅਤੇ ਏ.ਐਸ.ਆਈ ਭੁਪਿੰਦਰ ਕੁਮਾਰ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ |