ਵੱਖ-ਵੱਖ ਥਾੲੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਅਜੀਤ ਡੈਸਕ
06-01-2026
ਨਗਰ ਕੀਰਤਨ ਦੇ ਅੱਡਾ ਸਾਦਿਕ ਵਿਖੇ ਪੁੱਜਣ 'ਤੇ ਸੰਗਤਾਂ ਨੇ ਕੀਤਾ ਨਿੱਘਾ ਸਵਾਗਤ
ਸਾਦਿਕ, (ਆਰ.ਐਸ.ਧੁੰਨਾ)-ਗੁਰਦੁਆਰਾ ਨਾਨਕ ਨਿਵਾਸ ਪਿੰਡ ਸਾਦਿਕ ਤੋਂ ਨਗਰ ਨਿਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਨੇ ਕੀਤੀ | ਸੁੰਦਰ ਪਾਲਕੀ ਸਾਹਿਬ 'ਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਗਤਾਂ ਉਤਸ਼ਾਹ ਅਤੇ ਸ਼ਰਧਾ ਨਾਲ ਚੱਲ ਰਹੀਆਂ ਸਨ | ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਪਿੰਡ ਦੀਆਂ ਗਲੀਆਂ ਵਿਚ ਦੀ ਹੁੰਦਾ ਹੋਇਆ ਸਾਧਾਂਵਾਲਾ ਰੋਡ, ਖਜੂਰ ਵਾਲਾ ਰੋਡ, ਬਾਹਰਲੀ ਫ਼ਿਰਨੀ ਆਦਿ ਵਿਖੇ ਆਪਣੇ ਪੜਾਅ ਕਰਨ ਉਪਰੰਤ ਅੱਡਾ ਸਾਦਿਕ ਵਿਖੇ ਪੁੱਜਾ ਜਿੱਥੇ ਅੱਡਾ ਵਾਸੀਆਂ ਅਤੇ ਗੁਰਦੁਆਰਾ ਸੁਖਮਨੀ ਸਾਹਿਬ ਦੇ ਪ੍ਰਬੰਧਕਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਪੜਾਅ 'ਤੇ ਸੁਖਦੇਵ ਸਿੰਘ ਡੋਡਾਂ ਵਾਲਿਆਂ ਦੇ ਕਵਿਸ਼ਰੀ ਜਥੇ ਨੇ ਭਾਈ ਜੀਵਨ ਸਿੰਘ ਜੈਤਾ ਜੀ ਦੇ ਜੀਵਨ ਨਾਲ ਸਬੰਧਿਤ ਬੀਰ ਰਸੀ ਵਾਰਾਂ ਸੁਣਾਈਆਂ | ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਨਗਰ ਕੀਰਤਨ ਵਿਚ ਨੌਜਵਾਨਾਂ ਨੇ ਪਾਣੀ ਦੇ ਛਿੜਕਾਅ ਦੀ ਅਤੇ ਬੀਬੀਆਂ ਨੇ ਸਫ਼ਾਈ ਦੀ ਸੇਵਾ ਨਿਭਾਈ | ਸ਼ਾਮ ਸਮੇਂ ਇਹ ਨਗਰ ਕੀਰਤਨ ਮੁੜ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ |
ਪਿੰਡ ਮੱਲਾ ਵਿਖੇ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਸਜਾਇਆ
ਬਾਜਾਖਾਨਾ, (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਮੱਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ¢ ਗੁਰਦੁਆਰਾ ਸ੍ਰੀ ਚਬੂਤਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮਹਿਕਦੀਪ ਸਿੰਘ ਨੇ ਦੱਸਿਆ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਚਬੂਤਰਾ ਸਾਹਿਬ ਪਿੰਡ ਮੱਲਾ (ਫ਼ਰੀਦਕੋਟ) ਤੋਂ ਗੁਰੂ ਸਾਹਿਬ ਜੀ ਅੱਗੇ ਨਗਰ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਵੱਖ-ਵੱਖ ਗਲੀਆਂ 'ਚੋਂ ਪ੍ਰੀਕਰਮਾ ਕਰਦਾ ਹੋਇਆ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਦੀ ਅਰਦਾਸ ਉਪਰੰਤ ਸਮਾਪਤ ਹੋਇਆ ¢ ਇਸ ਮੌਕੇ ਭਾਈ ਲਵਦੀਪ ਸਿੰਘ ਰੋਮਾਣਾ (ਰਾਗੀ ਜਥਾ) ਰੋਮਾਣਾ ਅਜੀਤ ਸਿੰਘ (ਫ਼ਰੀਦਕੋਟ) ਵਾਲਿਆਂ ਵਲੋਂ ਗੁਰੂ ਸਾਹਿਬ ਦੇ ਨਮਿਤ ਢਾਡੀ ਵਾਰਾਂ ਅਤੇ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ¢ ਇਸ ਮੌਕੇ ਨਗਰ ਕੀਰਤਨ ਦÏਰਾਨ ਪਿੰਡ ਵਾਸੀਆਂ, ਸੰਗਤਾਂ ਅਤੇ ਐਨ.ਆਰ.ਆਈ ਪਰਿਵਾਰਾਂ ਵਲੋਂ ਵੱਖ-ਵੱਖ ਸਥਾਨਾਂ 'ਤੇ ਪੜਾਅ ਅਨੁਸਾਰ ਦੁੱਧ, ਚਾਹ ਬਰੈਡ ਪਕੌੜਿਆਂ, ਜਲੇਬੀਆਂ ਅਤੇ ਦਾਲ ਪ੍ਰਸ਼ਾਦਿਆਂ ਦੇ ਲੰਗਰ ਵੀ ਸਜਾਏ ਗਏ ¢ ਇਸ ਮੌਕੇ ਸਮੂਹ ਗ੍ਰਾਮ ਪੰਚਾਇਤਾਂ ਪਿੰਡ ਮੱਲਾ, ਮੱਲਾ ਖ਼ੁਰਦ ਅਤੇ ਕੋਠੇ ਹਰੀ ਸਿੰਘ ਮੱਲਾ ਦੇ ਪੰਚਾਂ-ਸਰਪੰਚਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ¢
ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਨਗਰ ਕੀਰਤਨ ਸਜਾਇਆ
ਸਾਦਿਕ, (ਆਰ.ਐਸ.ਧੁੰਨਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਅਤੇ ਸੁੰਦਰ ਪਾਲਕੀ ਸਾਹਿਬ 'ਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਗਤਾਂ ਉਤਸ਼ਾਹ ਅਤੇ ਸ਼ਰਧਾ ਨਾਲ ਚੱਲ ਰਹੀਆਂ ਸਨ | ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਏ ਇਸ ਨਗਰ ਕੀਰਤਨ ਦੇ ਦਾਣਾ ਮੰਡੀ 'ਚ ਰੱਖੇ ਪੜਾਅ ਸਮੇਂ ਹੋਏ ਸਨਮਾਨ ਸਮਾਗਮ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਥ ਵੈੱਲਫ਼ੇਅਰ ਸੁਸਾਇਟੀ ਵਲੋਂ ਸ਼ਹੀਦ ਸਤਨਾਮ ਸਿੰਘ ਫ਼ੌਜੀ ਦੀ ਯਾਦ 'ਚ ਕਰਵਾਏ ਦਸਤਾਰ ਸਿਖਲਾਈ ਕੈਂਪ 'ਚ ਭਾਗ ਲੈਣ ਵਾਲੇ 70 ਦੇ ਕਰੀਬ ਬੱਚਿਆਂ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ, ਤੋਂ ਇਲਾਵਾ ਦਸਤਾਰ ਮੁਕਾਬਲੇ ਵਿਚ ਹਿੱਸਾ ਲੈ ਕੇ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਦਸਤਾਰਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਪਿਛਲੇ ਸਾਲ ਸੇਵਾ ਮੁਕਤ ਹੋਏ ਪਿੰਡ ਦੇ ਸਰਕਾਰੀ ਮੁਲਾਜ਼ਮਾਂ ਸ਼ਿਵਨੰਦਨ ਸਿੰਘ ਪੰਜਾਬ ਪੁਲਿਸ, ਮਨਜੀਤ ਸਿੰਘ ਸਿਵਲ ਹਸਪਤਾਲ ਫ਼ਰੀਦਕੋਟ, ਇੰਦਰ ਸਿੰਘ ਕੋਆਪ੍ਰੇਟਿਵ ਸੁਸਾਇਟੀ ਅਤੇ ਇਸ ਕੈਂਪ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਨੂੰ ਸਿਰੋਪਾਓ ਭੇਟ ਕੀਤੇ ਗਏ ਅਤੇ ਸੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਬਲਾਕ ਪ੍ਰਧਾਨ ਡਾ. ਪਿੰਕਾ ਸੰਧੂ ਨੇ ਕੈਂਪ 'ਚ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅਗਲੇ ਸਾਲ ਦਸਤਾਰ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਗੁਰਸੇਵਕ ਸਿੰਘ ਸੰਧੂ ਨੇ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਇਸ ਤਰਾਂ ਦੇ ਸਿਖਲਾਈ ਕੈਂਪ ਲਾਉਣੇ ਚਾਹੀਦੇ ਹਨ | ਇਸ ਮੌਕੇ ਪ੍ਰਧਾਨ ਤੇਜਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸੇਵਕ ਸਿੰਘ ਸੰਧੂ, ਡਾ. ਪਿੰਕਾ ਸੰਧੂ, ਸਰਪੰਚ ਗੁਰਮੀਤ ਕੌਰ, ਬਲਵਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਪੰਚ, ਰਾਜਵਿੰਦਰ ਸਿੰਘ ਪੰਚ, ਕਿ੍ਪਾਲ ਸਿੰਘ ਪੰਚ, ਜਸਪਾਲ ਕੌਰ ਪੰਚ, ਜਗਰਾਜ ਸਿੰਘ ਪੰਚ, ਜਗਰੂਪ ਸਿੰਘ ਪੰਚ, ਲਖਵੀਰ ਸਿੰਘ ਪੰਚ, ਜਤਿੰਦਰਪਾਲ ਸਿੰਘ ਪੰਚ, ਰਜਿੰਦਰਪਾਲ ਸਿੰਘ ਰਾਜੂ ਪੰਚ, ਬਲਦੇਵ ਸਿੰਘ ਸਾਬਕਾ ਸਰਪੰਚ, ਮਨਜਿੰਦਰਪਾਲ ਸਾਬਕਾ ਸਰਪੰਚ, ਕੁਲਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |