ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਹਰਮਹਿੰਦਰ ਪਾਲ)-ਮਾਨਵਤਾ ਦੀ ਭਲਾਈ ਨੂੰ ਸਮਰਪਿਤ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਨਾਮਵਰ ਸੰਸਥਾ ਮਾਨਵਤਾ ਫਾਊਾਡੇਸ਼ਨ ਦੀ ਟੀਮ ਨੂੰ ਇਕ ਵਿਅਕਤੀ ਦਾ ਫ਼ੋਨ ਆਇਆ ਕੀ ਇਕ ਬੇਸਹਾਰਾ ਬਜ਼ੁਰਗ ਜਿਸ ਦੀ ਉਮਰ ਲਗਪਗ 50-60 ਸਾਲ ਹੈ ਤੇ ਕਾਫ਼ੀ ਤਰਸਯੋਗ ਹਾਲਤ ਵਿਚ ਬਠਿੰਡਾ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਿਹਾ ਹੈ | ਇਸ ਦੇ ਸਰੀਰ ਉਪਰ ਪਾਏ ਹੋਏ ਕੱਪੜੇ ਦੀ ਹਾਲਤ ਬਹੁਤ ਬੁਰੀ ਸੀ | ਇਹ ਬਜ਼ੁਰਗ ਸਰੀਰਕ ਤੌਰ 'ਤੇ ਕਮਜ਼ੋਰ ਹੈ | ਇਹ ਬਜ਼ੁਰਗ ਆਪਣਾ ਨਾਂਅ ਸੰਤਪਾਲ ਅਤੇ ਪਤਾ ਇਲਾਹਾਬਾਦ ਦਾ ਰਹਿਣ ਵਾਲਾ ਦੱਸ ਰਿਹਾ ਹੈ | ਇਹ ਬਜ਼ੁਰਗ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਿਹਾ ਹੈ | ਪਹਿਲਾਂ ਇਹ ਬਜ਼ੁਰਗ ਆਪਣਾ ਗੁਜ਼ਾਰਾ ਰਿਕਸ਼ਾ ਚਲਾ ਕੇ ਕਰਦਾ ਸੀ, ਪਰ ਹੁਣ ਇਸ ਦਾ ਸਰੀਰ ਕਮਜ਼ੋਰ ਹੋਣ ਕਰਕੇ ਇਹ ਕੋਈ ਵੀ ਕੰਮ ਕਰਨ ਵਿਚ ਅਸਮਰਥ ਹੈ | ਮਾਨਵਤਾ ਫਾਊਾਡੇਸ਼ਨ ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਮੌਕੇ 'ਤੇ ਪਹੁੰਚ ਕੇ ਬੇਸਹਾਰਾ ਬਜ਼ੁਰਗ ਦੀ ਹਾਲਤ ਨੂੰ ਦੇਖਿਆ | ਸੰਸਥਾ ਦੀ ਟੀਮ ਨੇ ਬੇਸਹਾਰਾ ਬਜ਼ੁਰਗ ਨੂੰ ਰੈਸਕਿਊ ਕੀਤਾ ਅਤੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਲਈ ਭੇਜਿਆ ਗਿਆ | ਜਲਦ ਹੀ ਇਸ ਬੇਸਹਾਰਾ ਬਜ਼ੁਰਗ ਨੂੰ ਆਪਣਾ ਘਰ ਆਸ਼ਰਮ ਫ਼ਰੀਦਕੋਟ ਵਿਖੇ ਸ਼ਿਫ਼ਟ ਕੀਤਾ ਜਾਵੇਗਾ |