ਮਲੋਟ, 24 ਜਨਵਰੀ (ਪਾਟਿਲ)-ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਮਲੋਟ ਵਲੋਂ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਅੰਤਿਮ ਯਾਤਰਾ ਵੈਨ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ | ਇਸ ਵੈਨ ਦੀ ਸ਼ੁਰੂਆਤ ਅੱਜ ਕੈਰੋਂ ਰੋਡ ਸਥਿਤ ਮਲੋਟ ਦਫ਼ਤਰ ਤੋਂ ਕੀਤੀ ਗਈ | ਇਸ ਮੌਕੇ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਕਈ ਵਾਰ ਸ਼ਹਿਰ ਵਿਚ ਦੋ ਜਾਂ ਤਿੰਨ ਸਸਕਾਰ ਇਕੱਠੇ ਆ ਜਾਣ ਕਾਰਨ ਅੰਤਿਮ ਯਾਤਰਾ ਵੈਨ ਦੀ ਭਾਰੀ ਮੁਸ਼ਕਿਲ ਆਉਂਦੀ ਸੀ | ਇਲਾਕਾ ਵਾਸੀਆਂ ਵਲੋਂ ਇਸ ਸੰਬੰਧੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਇਲਾਕਾ ਵਾਸੀਆਂ ਦੀ ਇਹ ਮੰਗ ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਮਲੋਟ ਦੇ ਅਹੁਦੇਦਾਰਾਂ ਕੋਲ ਰੱਖੀ ਗਈ, ਜਿਸ ਉਪਰੰਤ ਮਿਸ਼ਨ ਵਲੋਂ ਇਹ ਅੰਤਿਮ ਯਾਤਰਾ ਵੈਨ ਇਲਾਕਾ ਵਾਸੀਆਂ ਨੂੰ ਸਮਰਪਿਤ ਕਰ ਦਿੱਤੀ ਗਈ | ਡਾ. ਗਿੱਲ ਨੇ ਕਿਹਾ ਕਿ ਇਹ ਅੰਤਿਮ ਯਾਤਰਾ ਵੈਨ 'ਨੋ ਪ੍ਰੋਫਿਟ ਨੋ ਲੋਸ' ਆਧਾਰ 'ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ | ਇਸ ਮੌਕੇ ਪ੍ਰਧਾਨ ਹਰਮੰਦਰ ਸਿੰਘ ਹਰੀ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਗਿੱਲ, ਮੀਤ ਪ੍ਰਧਾਨ ਜਗਜੀਤ ਸਿੰਘ ਔਲਖ, ਮੀਤ ਪ੍ਰਧਾਨ ਧਰਮਪਾਲ ਸਿੰਘ ਅਤੇ ਡਰਾਈਵਰ ਗੋਪੀ ਰਾਮ ਹਾਜ਼ਰ ਸਨ |