ਅਜੀਤਵਾਲ, 28 ਜਨਵਰੀ (ਹਰਦੇਵ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-1 ਵਲੋਂ ਸਰਕਾਰ ਵਲੋਂ ਲਿਆਂਦੇ ਗਏ ਬਿਜਲੀ ਸੋਧ ਬਿੱਲ ਅਤੇ ਬੀਜ ਸੋਧ ਬਿੱਲ 2025 ਕਿਰਤ ਕੋਡ, ਮਨਰੇਗਾ ਦੀ ਥਾਂ 'ਤੇ ਬਦਲ ਕੇ ਲਿਆਂਦੇ ਗਏ ਜੀ ਰਾਮ ਜੀ ਕਾਨੂੰਨ ਦੇ ਖ਼ਿਲਾਫ਼ ਇਲਾਕੇ ਦੇ ਪਿੰਡਾਂ ਵਿਚ ਵਿਸਾਲ ਟਰੈਕਟਰ ਮਾਰਚ ਕੀਤਾ ਗਿਆ | ਬਲਾਕ ਪ੍ਰਧਾਨ ਜਗਜੀਤ ਸਿੰਘ ਮੱਦੋਕੇ ਅਤੇ ਬਲਾਕ ਜਨਰਲ ਸਕੱਤਰ ਜਗਜੀਤ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਇਹ ਟਰੈਕਟਰ ਮਾਰਚ ਪਿੰਡ ਦੌਧਰ ਤੋਂ ਸ਼ੁਰੂ ਕਰਕੇ ਮੱਦੋਕੇ, ਢੁੱਡੀਕੇ, ਝੰਡੇਆਣਾ ਸ਼ਰਕੀ, ਮਟਵਾਣੀ, ਕੋਕਰੀ ਫੂਲਾ ਸਿੰਘ, ਕੋਕਰੀ ਕਲਾਂ ਹੁੰਦਾ ਹੋਇਆ ਪਿੰਡ ਅਜੀਤਵਾਲ ਵਿਖੇ ਪਹੁੰਚਿਆ, ਜਿੱਥੇ ਹਾਜ਼ਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਬਿਜਲੀ ਸੋਧ ਬਿਲ 2025 ਪਾਸ ਹੋ ਜਾਂਦਾ ਹੈ ਤਾਂ ਬਿਜਲੀ ਤੇ ਸਾਰੀਆਂ ਸਬ-ਸਿਡੀਆਂ ਖ਼ਤਮ ਕਰ ਦਿੱਤੀਆਂ ਜਾਣਗੀਆਂ ਬਿਜਲੀ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ ਅਤੇ ਬਿਜਲੀ ਬੋਰਡਾਂ ਕਾਰਪੋਰੇਟ ਘਰਾਨਿਆਂ ਨੂੰ ਵੇਚ ਦਿੱਤਾ ਜਾਵੇਗਾ, ਇਵੇਂ ਹੀ ਬੀਜ ਬਿੱਲ 2025 ਪਾਸ ਹੁੰਦਾ ਹੈ ਤਾਂ ਖੇਤੀ ਨਾਲ ਸੰਬੰਧਿਤ ਬੀਜ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ ਅਤੇ ਖੇਤੀ ਧੰਦੇ ਤੇ ਹੌਲੀ ਹੌਲੀ ਕਾਰਪੋਰੇਟ ਘਰਾਣੇ ਕਬਜ਼ਾ ਕਰ ਲੈਣਗੇ, ਮਨਰੇਗਾ ਦੀ ਥਾਂ ਤੇ ਜੋ ਜੀ ਰਾਮ ਜੀ ਕਾਨੂੰਨ ਲਿਆਂਦਾ ਗਿਆ ਹੈ ਉਸ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਖ਼ਤਮ ਹੋ ਜਾਵੇਗਾ ਬੇਰੁਜ਼ਗਾਰੀ ਵੱਧ ਜਾਵੇਗੀ | ਕਿਸਾਨਾਂ ਦੀ ਮੰਗ ਹੈ ਕਿ ਸਰਕਾਰੀ ਅਦਾਰੇ ਵੇਚਣੇ ਬੰਦ ਕੀਤੇ ਜਾਣ | ਇਸ ਮੌਕੇ ਕਿਸਾਨ ਆਗੂ ਨਿਰਭੈ ਸਿੰਘ, ਗੁਰਜੰਟ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਟਰੈਕਟਰਾਂ ਸਮੇਤ ਸ਼ਾਮਿਲ ਹੋਏ |