ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸਾਗਰ ਸੇਤੀਆ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ 18 ਸਾਲ ਦੀ ਉਮਰ ਪੂਰੀ ਕਰਨ 'ਤੇ ਇਕ ਵੋਟਰ ਬਣ ਕੇ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ | ਇਸ ਦੇ ਨਾਲ ਉਹ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ | ਇਹ ਵਿਚਾਰ ਉਨ੍ਹਾਂ ਅੱਜ ਡੀ.ਐਮ. ਕਾਲਜ ਮੋਗਾ ਵਿਖੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਇਸ ਸਮਾਗਮ ਵਿਚ ਨੌਜਵਾਨ ਵੋਟਰਾਂ ਨੂੰ ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸਾਗਰ ਸੇਤੀਆ ਨੇ ਕਿਹਾ ਕਿ ਜੇ ਅੱਜ ਅਸੀਂ ਆਜ਼ਾਦ ਭਾਰਤ ਦੇ ਵਾਸੀ ਅਖਵਾਉਂਦੇ ਹਾਂ ਤਾਂ ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਇਹ ਆਜ਼ਾਦੀ ਸਾਨੂੰ ਕਿੰਨੇ ਸੰਘਰਸ਼ਾਂ ਪਿੱਛੋਂ ਪ੍ਰਾਪਤ ਹੋਈ ਹੈ | ਉਨ੍ਹਾਂ ਕਿਹਾ ਸਾਡੇ ਪੂਰਵਜਾਂ ਨੇ ਆਜ਼ਾਦੀ ਲਈ ਬੜਾ ਸੰਘਰਸ਼ ਕੀਤਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਮਿਤੀ 1 ਜਨਵਰੀ 2026 ਨੂੰ ਕਿਸੇ ਨੌਜਵਾਨ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਅਤੇ ਅਜੇ ਤੱਕ ਉਸ ਦੀ ਵੋਟ ਨਹੀਂ ਬਈ ਹੈ ਤਾਂ ਉਹ ਆਪਣੀ ਵੋਟ ਜ਼ਰੂਰ ਬਣਵਾਏ |