ਕੋਟਕਪੂਰਾ, 28 ਜਨਵਰੀ (ਮੋਹਰ ਸਿੰਘ ਗਿੱਲ)-ਦੇਸ਼ ਭਰ ਦੀਆਂ ਸਰਕਾਰੀ ਬੈਂਕਾਂ ਦੇ ਸਮੂਹ ਕਰਮਚਾਰੀਆਂ ਵਲੋਂ ਅੱਜ ਆਪਣੀ ਇਕੋ ਇਕ ਮੰਗ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ | ਇਸ ਦੌਰਾਨ ਕਰਮਚਾਰੀਆਂ ਵਲੋਂ ਕੰਮ ਛੋੜ ਹੜਤਾਲ ਕੀਤੀ ਗਈ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਸਥਾਨਕ ਫ਼ਰੀਦਕੋਟ ਸੜਕ 'ਤੇ ਸਥਿਤ ਐਸ.ਬੀ.ਆਈ. ਦੀ ਬ੍ਰਾਂਚ ਮੂਹਰੇ ਬੈਂਕ ਮੁਲਾਜ਼ਮਾਂ ਨੇ ਰੋਸ ਧਰਨਾ ਦੇ ਕੇ ਆਖਿਆ ਕਿ ਜੇਕਰ ਅਜੇ ਵੀ ਸਰਕਾਰ ਦੇ ਕੰਨਾਂ 'ਤੇ ਜੂੰ ਨਾ ਸਰਕੀ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਕਾਮਰੇਡ ਹਨੂੰਵੰਤ ਰਾਏ ਬਾਂਸਲ, ਨਵਦੀਪ ਕੱਕੜ, ਮਨੀਸ਼ ਗੋਇਲ, ਮਨਦੀਪ ਸਵਾਮੀ ਅਤੇ ਪੈਕੀ ਬਾਂਸਲ ਨੇ ਆਖਿਆ ਕਿ 1986 ਵਿਚ ਦੇਸ਼ ਦੇ ਕਈ ਰਾਜਾਂ ਵਿਚ ਹਫ਼ਤੇ ਵਿਚੋਂ ਪੰਜ ਦਿਨ ਕੰਮ ਅਤੇ ਸ਼ਨੀਵਾਰ-ਐਤਵਾਰ ਛੁੱਟੀ ਲਾਗੂ ਕਰ ਦਿੱਤੀ ਗਈ ਅਤੇ ਸਾਲ 2012 ਵਿਚ ਹਫ਼ਤੇ ਵਿਚੋਂ ਦੋ ਸ਼ਨੀਵਾਰ ਛੁੱਟੀਆਂ ਤੋਂ ਵਧਾ ਕੇ ਚਾਰ ਸ਼ਨੀਵਾਰ ਛੁੱਟੀਆਂ ਕਰਨ ਦੀ ਮੰਗ ਨੂੰ ਟਾਲ ਮਟੋਲ ਦੀ ਨੀਤੀ ਰਾਹੀਂ ਟਾਲਿਆ ਜਾ ਰਿਹਾ ਹੈ | ਮੁਲਾਜ਼ਮਾਂ ਦੇ ਕੰਮ ਦੇ ਬੋਝ, ਵਧ ਰਹੀ ਡਿਪਰੈਸ਼ਨ ਦੀ ਸਮੱਸਿਆ ਅਤੇ ਖੁਦਕਸ਼ੀ ਦੇ ਮਾਮਲਿਆਂ ਦੇ ਬਾਵਜੂਦ ਵੀ ਮੁਲਾਜ਼ਮਾਂ ਦੀ ਵਾਜਬ ਮੰਗ ਨਹੀਂ ਮੰਨੀ ਜਾ ਰਹੀ | ਕੁਲਦੀਪ ਕੌਰ ਨੇ ਦੱਸਿਆ ਕਿ ਦੇਸ਼ ਭਰ ਦੀਆਂ ਸਰਕਾਰੀ ਬੈਂਕਾਂ ਦੀਆਂ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਸਥਿਤ ਬ੍ਰਾਂਚਾਂ ਮੂਹਰੇ ਬਹੁਤ ਸਾਰੀਆਂ ਅÏਰਤ ਮੁਲਾਜ਼ਮਾਂ ਆਪਣੇ ਮਾਸੂਮ ਬੱਚਿਆਂ ਸਮੇਤ ਧਰਨੇ 'ਤੇ ਲੈ ਕੇ ਆਈਆਂ ਹਨ, ਪਰ ਕੜਾਕੇ ਦੀ ਠੰਢ ਵਿਚ ਮੁਲਾਜ਼ਮਾਂ ਅਤੇ ਮਾਸੂਮ ਬੱਚਿਆਂ ਉਪਰ ਵੀ ਤਰਸ ਨਹੀਂ ਕੀਤਾ ਜਾ ਰਿਹਾ |