ਕੋਟਕਪੂਰਾ, 28 ਜਨਵਰੀ (ਮੇਘਰਾਜ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਦੀ ਜਗ੍ਹਾ ਕੋਈ ਹੋਰ ਸਕੀਮ ਸ਼ੁਰੂ ਕਰਕੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਰੁਜ਼ਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ | ਮਨਰੇਗਾ ਸਕੀਮ ਬਚਾਉਣ ਲਈ ਕਾਂਗਰਸ ਪਾਰਟੀ ਦੀ ਵਿੱਢੀ ਮੁਹਿੰਮ ਦੀ ਲੜੀ ਤਹਿਤ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਕੋਟਕਪੂਰਾ ਦੇ ਇੰਚਾਰਜ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਵਾਲੀ ਟੀਮ ਨੇ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਕੀਤੀਆਂ ਰੋਸ ਮੀਟਿੰਗਾਂ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਵੇਲੇ ਜਿੱਥੇ ਇਸ ਸਕੀਮ 'ਚ ਕੇਂਦਰ ਦੀ 90 ਫ਼ੀਸਦੀ ਅਤੇ ਸੂਬਾ ਸਰਕਾਰ ਦੀ 10 ਫ਼ੀਸਦੀ ਹਿੱਸੇਦਾਰੀ ਹੈ, ਉਦੋਂ ਪੰਜਾਬ 'ਚ ਮਜ਼ਦੂਰਾਂ ਨੂੰ ਨਿਰਧਾਰਿਤ ਦਿਨ ਰੁਜ਼ਗਾਰ ਨਹੀਂ ਮਿਲਿਆ, ਹੁਣ ਇਸ ਅਨੁਪਾਤ ਨੂੰ ਬਦਲ ਕੇ 60:40 ਕਰ ਦਿੱਤਾ ਗਿਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਮਨਰੇਗਾ ਤਹਿਤ ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਹਾਸਿਲ ਕਰਨ ਦਾ ਹੱਕ ਸੀ, ਪਰ ਨਵੀਂ ਸਕੀਮ ਤਹਿਤ ਕੇਂਦਰ ਵਲੋਂ ਸੂਬਾ ਸਰਕਾਰ ਨੂੰ ਫੰਡ ਦੇ ਕੇ ਉਸ ਦੇ ਤਹਿਤ ਕੰਮ ਕਰਵਾਉਣ ਲਈ ਆਖਿਆ ਜਾਵੇਗਾ | ਇਸ ਸਕੀਮ ਨਾਲ ਭਾਜਪਾ ਦੀ ਭਾਈਵਾਲੀ ਵਾਲੀਆਂ ਰਾਜ ਸਰਕਾਰਾਂ ਨੂੰ ਵੱਧ ਫੰਡ ਮੁਹੱਈਆ ਹੋਣਗੇ | ਅਜੈਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਦੀ ਹਾਜ਼ਰੀ 'ਚ ਪਿੰਡ ਵਾੜਾਦਰਾਕਾ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਵੱਖ-ਵੱਖ ਪਿੰਡਾਂ ਚੰਦਬਾਜਾ, ਵਾਂਦਰ ਜਟਾਣਾ, ਕੋਠੇ ਨਾਨਕਸਰ, ਮਚਾਕੀ ਮੱਲ ਸਿੰਘ, ਖਾਰਾ, ਹਰੀਨੌਂ, ਟਹਿਣਾ, ਪੱਕਾ ਸਮੇਤ ਹੋਰ ਪਿੰਡਾਂ 'ਚ ਵੀ ਜਾਰੀ ਰਹੀ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਨਾਲ ਕਿਰਤੀ ਲੋਕਾਂ ਤੇ ਮਜ਼ਦੂਰਾਂ ਦੇ ਚੁੱਲੇ ਠੰਡੇ ਕਰਨ ਦੀ ਸਾਜਿਸ਼ ਦਾ ਕਾਂਗਰਸ ਪਾਰਟੀ ਮੂੰਹ ਤੋੜ ਜਵਾਬ ਦੇਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਮਨਰੇਗਾ ਸਕੀਮ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰੱਖੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਦਰਸ਼ਨ ਸਿੰਘ ਸਹੋਤਾ, ਦਾਰਾ ਸਿੰਘ ਮੌੜ, ਅਜਾਇਬ ਸਿੰਘ ਚਹਿਲ, ਗੁਰਸੇਵਕ ਸਿੰਘ ਨੀਲਾ, ਅਮਰਜੀਤ ਸਿੰਘ ਸੁੱਖਾ ਖਾਰਾ, ਬਲਵੰਤ ਸਿੰਘ ਭਾਣਾ, ਕੁੱਕੀ ਚੋਪੜਾ ਅਤੇ ਜੈ ਪ੍ਰਕਾਸ਼ ਨੇ ਵੀ ਸੰਬੋਧਨ ਕੀਤਾ |