ਮਲੋਟ, 2 ਫ਼ਰਵਰੀ (ਪਾਟਿਲ)-ਭਾਰਤ ਦੀ ਸੁਰੱਖਿਆ ਲਈ ਆਪਣੀ ਜਾਨ ਨੂੰ ਹਥੇਲੀ 'ਤੇ ਰੱਖ ਕੇ ਡਟਣ ਵਾਲੀ ਭਾਰਤੀ ਫ਼ੌਜ 'ਤੇ ਹਰ ਦੇਸ਼ ਵਾਸੀ ਨੂੰ ਮਾਣ ਹੈ | ਇਹ ਵਿਚਾਰ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਉਸ ਸਮੇਂ ਪ੍ਰਗਟ ਕੀਤੇ, ਜਦੋਂ ਕੀਰਤੀ ਚੱਕਰ ਐਵਾਰਡ ਮਿਲਣ 'ਤੇ ਮੇਜਰ ਅਰਸ਼ਦੀਪ ਸਿੰਘ ਗਿੱਲ ਨੂੰ ਸਮਾਜ ਸੇਵੀ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਮੇਜਰ ਅਰਸ਼ਦੀਪ ਸਿੰਘ ਗਿੱਲ ਸਵ. ਸੁਖਚੈਨ ਸਿੰਘ ਗਿੱਲ ਦੇ ਪੁੱਤਰ ਅਤੇ ਸਾਬਕਾ ਮੰਤਰੀ ਪੰਜਾਬ ਨਸੀਬ ਸਿੰਘ ਗਿੱਲ ਤੇ ਡਾ. ਸੁਖਦੇਵ ਸਿੰਘ ਗਿੱਲ ਦੇ ਭਤੀਜੇ ਹਨ | ਡਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਕੀਰਤੀ ਚੱਕਰ ਐਵਾਰਡ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੈਨਿਕ ਸਨਮਾਨ ਹੈ, ਜੋ ਬੇਮਿਸਾਲ ਬਹਾਦਰੀ, ਦਲੇਰੀ ਤੇ ਰਣਨੀਤਕ ਕਾਬਲੀਅਤ ਲਈ ਪ੍ਰਦਾਨ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਅਸਾਮ ਵਿਚ ਅੱਤਵਾਦੀਆਂ ਵਲੋਂ ਫ਼ੌਜ ਦੀ ਟੀਮ 'ਤੇ ਅਚਾਨਕ ਗੋਲੀਬਾਰੀ ਕੀਤੀ ਗਈ ਸੀ ਅਤੇ ਇਸ ਦੌਰਾਨ ਮੇਜਰ ਅਰਸ਼ਦੀਪ ਸਿੰਘ ਗਿੱਲ ਨੇ ਬੇਮਿਸਾਲ ਬਹਾਦਰੀ ਅਤੇ ਸੂਝਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਜਵਾਬੀ ਕਾਰਵਾਈ ਦੀ ਅਗਵਾਈ ਕੀਤੀ, ਜਿਸ ਨਾਲ ਕਈ ਅੱਤਵਾਦੀ ਮਾਰੇ ਗਏ ਅਤੇ ਇਕ ਵੱਡੀ ਅਨਹੋਣੀ ਟਲ ਗਈ | ਇਸ ਦੌਰਾਨ ਮੇਜਰ ਅਰਸ਼ਦੀਪ ਸਿੰਘ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦਾ ਸਨਮਾਨ ਫ਼ੌਜੀ ਜਵਾਨਾਂ ਦਾ ਹੌਂਸਲਾ ਹੋਰ ਮਜ਼ਬੂਤ ਕਰਦਾ ਹੈ | ਇਸ ਮੌਕੇ ਹਰਜੀਤ ਸਿੰਘ (ਪ੍ਰਧਾਨ ਐੱਨ.ਆਰ.ਆਈ. ਪੇਰੈਂਟਸ ਐਸੋਸੀਏਸ਼ਨ), ਸਰੂਪ ਸਿੰਘ (ਪ੍ਰਧਾਨ ਸਿਟੀ ਵਿਕਾਸ ਮੰਚ ਮਲੋਟ), ਦੇਸ ਰਾਜ ਸਿੰਘ (ਸੀਨੀਅਰ ਮੀਤ ਪ੍ਰਧਾਨ ਚੜਦੀਕਲਾ ਸਮਾਜ ਸੇਵੀ ਸੰਸਥਾ), ਮਾਸਟਰ ਹਰਜਿੰਦਰ ਸਿੰਘ ਮੌੜ (ਖ਼ਜ਼ਾਨਚੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ) ਸਮੇਤ ਕਈ ਸਮਾਜ ਸੇਵੀ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ | ਸਾਰਿਆਂ ਨੇ ਮੇਜਰ ਗਿੱਲ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਅਤੇ ਦੇਸ਼ ਸੇਵਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ |