ਫ਼ਰੀਦਕੋਟ, 4 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਵਿਖੇ ਹੋਈ ਰਾਸ਼ਟਰੀ ਪੱਧਰੀ ਕਬੱਡੀ (ਨੈਸ਼ਨਲ ਸਟਾਈਲ) ਮੁਕਾਬਲੇ 'ਚ ਸ਼ਾਨਦਾਰ ਭਾਗੀਦਾਰੀ ਨਿਭਾ ਕੇ ਵਾਪਸੀ ਕਰਨ 'ਤੇ ਰਾਸ਼ਟਰੀ ਕਬੱਡੀ ਖਿਡਾਰਨ ਜਸ਼ਨਪ੍ਰੀਤ ਕੌਰ ਅਤੇ ਕੋਚ ਹਰਪ੍ਰੀਤ ਸਿੰਘ (ਡੀ.ਪੀ.ਈ.) ਦੇ ਸਨਮਾਨ ਵਿਚ ਸਰਕਾਰੀ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਨਾ (ਫ਼ਰੀਦਕੋਟ) ਵਿਖੇ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੇ ਮੁੱਖ ਮਹਿਮਾਨ ਜਗਤਾਰ ਸਿੰਘ ਮਾਨ ਸਨ | ਇਸ ਮੌਕੇ ਜਸ਼ਨਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ਦਾ ਸਕੂਲ ਪਹੁੰਚਣ 'ਤੇ ਬੈਂਡ ਵਾਜਿਆਂ ਦੀ ਧੁਨ, ਫ਼ੁੱਲਾਂ ਦੀ ਵਰਖਾ ਅਤੇ ਹਾਰ ਪਾ ਕੇ ਭਰਪੂਰ ਸਵਾਗਤ ਕੀਤਾ ਗਿਆ | ਪਿ੍ੰਸੀਪਲ ਮਨਿੰਦਰ ਕੌਰ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜਸ਼ਨਪ੍ਰੀਤ ਕੌਰ ਦੀ ਦਿ੍ੜਤਾ, ਅਨੁਸ਼ਾਸਨ ਅਤੇ ਅਟੁੱਟ ਮਿਹਨਤ ਦੀ ਭਰਪੂਰ ਪ੍ਰਸੰਸਾ ਕੀਤੀ | ਉਨ੍ਹਾਂ ਮਾਤਾ ਪਿਤਾ ਗੁਰਤੇਜ ਸਿੰਘ ਅਤੇ ਚਰਨਜੀਤ ਕੌਰ, ਦਾਦੀ ਬਲਵਿੰਦਰ ਕੌਰ, ਭੂਆ ਪਰਮਜੀਤ ਕੌਰ, ਤਾਇਆ ਗੁਰਬਚਨ ਸਿੰਘ, ਤਾਈ ਕਰਮਜੀਤ ਕੌਰ ਅਤੇ ਮਨਜੀਤ ਕੌਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸਕੂਲ ਦੀ ਮਿੱਟੀ ਤੋਂ ਹਿਮਾਚਲ ਦੇ ਰਾਸ਼ਟਰੀ ਮੈਦਾਨ ਤੱਕ ਪਹੁੰਚਣਾ ਜਸ਼ਨਪਰੀਤ ਦਾ ਹੌਂਸਲਾ, ਸਟੈਮਿਨਾ ਅਤੇ ਅਨੁਸ਼ਾਸਨ ਸਾਡੇ ਲਈ ਅਥਾਹ ਮਾਣ ਵਾਲੀ ਗੱਲ ਹੈ | ਰਾਸ਼ਟਰੀ ਪੱਧਰ 'ਤੇ ਕਦਮ ਰੱਖ ਕੇ ਜਸ਼ਨਪ੍ਰੀਤ ਨੇ ਸਾਬਿਤ ਕਰ ਦਿਖਾਇਆ ਕਿ ਪੰਜਾਬ ਦੀ ਧੀ ਹਰ ਮੈਦਾਨ 'ਚ ਆਪਣੀ ਪਛਾਣ ਛੱਡਦੀ ਹੈ | ਮੁੱਖ ਮਹਿਮਾਨ ਜਗਤਾਰ ਸਿੰਘ ਮਾਨ ਨੇ ਕਿਹਾ ਕਿ ਮੈਟ 'ਤੇ ਦਿਖਾਈ ਮਿਹਨਤ, ਮੈਟ ਤੋਂ ਬਾਹਰ ਦੇ ਅਣਗਿਣਤ ਘੰਟਿਆਂ ਦੀ ਤਪੱਸਿਆ ਦਾ ਨਤੀਜਾ ਹੈ | ਇਸ ਮੌਕੇ ਡੀ.ਪੀ.ਈ. ਹਰਪ੍ਰੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਕੈਂਪਸ ਮੈਨੇਜਰ ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਊਰਜਾ ਨੂੰ ਸਹੀ ਢੰਗ ਨਾਲ ਵਰਤਣ ਲਈ ਕਿਸੇ ਨਾ ਕਿਸੇ ਖੇਡ ਨਾਲ ਜ਼ਰੂਰ ਜੁੜਨ | ਇਸ ਮੌਕੇ ਸਕੂਲ ਸਟਾਫ਼ ਅਤੇ ਮਹਿਮਾਨਾਂ ਵਲੋਂ ਜਸ਼ਨਪ੍ਰੀਤ ਕੌਰ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ | ਬਲਾਕ ਸੰਮਤੀ ਮੈਂਬਰ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਬੋਹੜ ਸਿੰਘ ਨੇ 1100 ਰੁਪਏ ਨਕਦ ਇਨਾਮ ਦਿੱਤਾ | ਹਰਪ੍ਰੀਤ ਸਿੰਘ ਲੈਕਚਰਾਰ ਵਲੋਂ ਆਪਣੀ ਮਾਤਾ ਦੀ ਬਰਸੀ ਦੀ ਸਦੀਵੀ ਯਾਦ ਵਿਚ ਸੇਵਾ ਰੂਪ ਵਿਚ ਲੰਗਰ ਲਗਾਇਆ ਗਿਆ | ਅੰਤ 'ਚ ਕੁਲਵਿੰਦਰ ਸਿੰਘ ਨੇ ਸਾਰਿਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਮੰਚ ਸਕੱਤਰ ਦੀ ਕਾਰਵਾਈ ਰਮਨਦੀਪ ਕੌਰ ਨੇ ਨਿਭਾਈ | ਇਸ ਮੌਕੇ ਧਰਮਿੰਦਰ ਸਿੰਘ, ਸੰਦੀਪ ਕੁਮਾਰ, ਧਰਮਿੰਦਰ ਸਲੋਤਰਾ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਪ੍ਰੀਤੀ ਗੋਇਲ, ਰਜਿੰਦਰ ਕੌਰ, ਮਨਿੰਦਰਪਾਲ ਕੌਰ, ਬੰਦਨਾ ਰਾਣੀ, ਨੀਰਜ ਦੇਵਗਨ, ਰੋਸ਼ਨ ਲਾਲ, ਜਸਵਿੰਦਰ ਸਿੰਘ, ਨਰਿੰਦਰ ਕੌਰ, ਵੀਰਜੋਤ ਕੌਰ, ਗੁਰਪ੍ਰੀਤ ਸਿੰਘ, ਬਲਜਿੰਦਰ ਕੌਰ, ਰਾਜਪਾਲ ਕੌਰ, ਜਸਵਿੰਦਰ ਕੌਰ ਆਦਿ ਵੀ ਹਾਜ਼ਰ ਸਨ |