ਹਰ ਲੋੜਵੰਦ ਪਰਿਵਾਰ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ- ਖੁੱਡੀਆਂ
ਅਜੀਤ ਡੈਸਕ
05-02-2026
ਗਿੱਦੜਬਾਹਾ, 4 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ) ਸਬ-ਡਵੀਜ਼ਨ ਗਿੱਦੜਬਾਹਾ ਦੇ ਪਿੰਡ ਥਰਾਜਵਾਲਾ ਵਿਖੇ ਲੋੜਵੰਦ 26 ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਮਨਜ਼ੂਰੀ ਮਿਲ ਗਈ ਹੈ | ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਅੱਜ ਮਨਜ਼ੂਰੀ ਪੱਤਰ ਸੌਂਪ ਦਿੱਤੇ ਗਏ ਹਨ | ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਗ਼ਰੀਬ ਲੋੜਵੰਦਾਂ ਨੂੰ ਸਿਰ ਢੱਕਣ ਲਈ ਛੱਤ ਦੇਣ ਲਈ ਵਚਨਬੱਧਤਾ ਨੂੰ ਪੂਰਾ ਕਰਦਿਆਂ ਪਿੰਡ-ਪਿੰਡ ਪੱਕੇ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਹਰ ਲੋੜਵੰਦ ਪਰਿਵਾਰ ਨੂੰ ਬਣਾ ਕਿ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਲਈ ਸਾਂਝੇ ਪ੍ਰੋਗਰਾਮ ਬਣਾ ਰਹੀ ਹੈ | ਜਿਸ ਨਾਲ ਹਰ ਵਰਗ ਨੂੰ ਲਾਭ ਦਿੱਤਾ ਜਾ ਸਕੇ | ਅੱਜ ਸੂਬੇ ਭਰ ਵਿਚ ਆਮ ਲੋਕਾਂ ਨੂੰ ਜ਼ੀਰੋ ਬਿਜਲੀ ਬਿੱਲ ਆ ਰਹੇ ਹਨ | ਇੱਥੇ ਹੀ ਬੱਸ ਨਹੀਂ ਹੁਣ ਦਸ ਲੱਖ ਦਾ ਸਿਹਤ ਬੀਮਾ ਯੋਜਨਾ ਲਾਗੂ ਕਰ ਦਿੱਤੀ ਗਈ ਹੈ ਅਤੇ ਇਸ ਦਾ ਲਾਭ ਵੀ ਹਰ ਵਰਗ ਨੂੰ ਮਿਲੇਗਾ | ਸ. ਖੁਡੀਆਂ ਨੇ ਦੱਸਿਆ ਕਿ ਪਿੰਡ ਥਰਾਜਵਾਲਾ ਦੇ 26 ਪਰਿਵਾਰਾਂ ਨੂੰ ਸਰਕਾਰ ਵਲੋਂ 39 ਲੱਖ ਰੁਪਏ ਦੀ ਲਾਗਤ ਨਾਲ ਪੱਕੇ ਮਕਾਨ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਸੰਬੰਧਿਤ ਪਰਿਵਾਰਾਂ ਨੂੰ ਜਲਦੀ ਹੀ ਮਕਾਨ ਬਣਾ ਕੇ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰਾਂ ਦੇ ਪੱਕੇ ਮਕਾਨ ਅਜੇ ਤੱਕ ਨਹੀ ਬਣੇ ਉਨ੍ਹਾਂ ਨੂੰ ਜਲਦੀ ਹੀ ਬਣਾ ਕਿ ਦਿੱਤੇ ਜਾਣਗੇ ਅਤੇ ਕੋਈ ਵੀ ਪਰਿਵਾਰ ਇਸ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ | ਇਸ ਮੌਕੇ ਥਰਾਜਵਾਲਾ ਦੇ ਸਰਪੰਚ ਪ੍ਰਤੀਨਿਧ ਦਰਸ਼ਨ ਸਿੰਘ ਰਾਜਾ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾ ਸਦਕਾ ਪਿੰਡ ਦੇ ਗਰੀਬ ਲੋੜਵੰਦਾਂ ਨੂੰ ਸਰਕਾਰ ਵਲੋਂ ਪੱਕੇ ਮਕਾਨ ਬਣਾਉਣ ਲਈ ਮਨਜ਼ੂਰੀ ਲਿਆ ਕਿ ਦਿੱਤੀ ਗਈ ਹੈ | ਇਸ ਮੌਕੇ ਗੁਰਬਾਜ ਸਿੰਘ ਬਣਵਾਲਾ, ਮਨਪ੍ਰੀਤ ਸਿੰਘ ਪੋਪੀ, ਗੁਰਮੁਖ ਸਿੰਘ ਮੈਂਬਰ, ਕੁਲਵਿੰਦਰ ਸਿੰਘ, ਅੰਗਰੇਜ ਸਿੰਘ, ਰਛਪਾਲ ਸਿੰਘ, ਕਾਰਜ ਸਿੰਘ, ਜਗਦੀਪ ਸਿੰਘ ਮੈਂਬਰ, ਸੁਖਪਾਲ ਸਿੰਘ ਰਾਜੂ, ਸੰਦੀਪ ਸਿੰਘ ਨੰਬਰਦਾਰ, ਦਪਿੰਦਰ ਸਿੰਘ ਦੀਪੀ, ਜਸਪਾਲ ਸਿੰਘ ਰਾਜੂ ਅਤੇ ਗੁਰਬਾਜ ਸਿੰਘ ਪੀਏ ਹਾਜ਼ਰ ਸਨ |