ਫ਼ਰੀਦਕੋਟ, 4 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪਿਛਲੇ ਕੁਝ ਦਿਨਾਂ ਤੋਂ ਬਿਮਾਰੀ ਦੀ ਹਾਲਤ 'ਚ ਸਥਾਨਕ ਪੰਚਵਟੀ ਗਊਸ਼ਾਲਾ ਵਿਖੇ ਇਕ ਲਾਚਾਰ ਅਤੇ ਬਿਮਾਰ ਬਜ਼ੁਰਗ ਨੂੰ ਅੱਜ ਆਪਣਾ ਘਰ ਆਸ਼ਰਮ ਦੀ ਟੀਮ ਵਲੋਂ ਰੈਸਕਿਊ ਕੀਤਾ ਗਿਆ | ਜਿੱਥੇ ਉਨ੍ਹਾਂ ਵਲੋਂ ਉਸਨੂੰ ਪਹਿਲਾਂ ਉਸਦਾ ਇਲਾਜ ਕਰਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਉਸਨੂੰ ਆਸ਼ਰਮ ਵਿਚ ਰੱਖ ਕੇ ਉਸ ਦੇ ਸੇਵਾ ਕੀਤੀ ਜਾਵੇਗੀ | ਆਪਣਾ ਘਰ ਆਸ਼ਰਮ ਫ਼ਰੀਦਕੋਟ ਦੇ ਪ੍ਰਧਾਨ ਕੇਵਲ ਕਿਸ਼ਨ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਚਵਟੀ ਗਊਸ਼ਾਲਾ ਦੇ ਪ੍ਰਧਾਨ ਪ੍ਰਦੀਪ ਸੂਰੀ ਨੇ ਦੱਸਿਆ ਕਿ ਇਕ ਬਜ਼ੁਰਗ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਰਹਿ ਰਿਹਾ ਹੈ | ਇਸ ਦੇ ਪਰਿਵਾਰਕ ਮੈਂਬਰਾਂ ਬਾਰੇ ਕੁਝ ਵੀ ਪਤਾ ਨਹੀਂ ਹੈ ਤੇ ਨਾ ਹੀ ਕਦੀ ਕਿਸੇ ਪਰਿਵਾਰਕ ਮੈਂਬਰਾਂ ਨੇ ਇਸ ਨਾਲ ਕੋਈ ਰਾਬਤਾ ਕਾਇਮ ਕੀਤਾ | ਹੁਣ ਇਹ ਬਜ਼ੁਰਗ ਹੋਣ ਦੇ ਚੱਲਦੇ ਕਾਫ਼ੀ ਬਿਮਾਰ ਰਹਿ ਰਿਹਾ ਸੀ ਅਤੇ ਕੰਮ ਕਾਜ ਤੋਂ ਵੀ ਨਕਾਰਾ ਹੋ ਚੁੱਕਾ ਸੀ | ਉਨ੍ਹਾਂ ਦੱਸਿਆ ਕਿ ਹੁਣ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਪਹਿਲਾਂ ਪੁਲਿਸ ਨੂੰ ਸੂਚਨਾ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਇਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾਵੇਗਾ | ਇਲਾਜ ਕਰਵਾਉਣ ਉਪਰੰਤ ਇਸ ਨੂੰ ਆਪਣਾ ਘਰ ਆਸ਼ਰਮ ਵਿਚ ਰੱਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਹੁਣ ਤੱਕ ਆਸ਼ਰਮ 'ਚ 54 ਦੇ ਕਰੀਬ ਅਜਿਹੇ ਵਿਅਕਤੀ ਹਨ ਜਿਹੜੇ ਕਿ ਬੇਸਹਾਰਾ ਹਨ ਉਨ੍ਹਾਂ ਦਾ ਰਹਿਣ ਸਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਆਸ਼ਰਮ ਵਲੋਂ ਕੀਤਾ ਜਾਂਦਾ ਹੈ | ਲੋਕਾਂ ਦੀ ਮਦਦ ਅਤੇ ਸਹਿਯੋਗ ਦੇ ਨਾਲ ਆਸ਼ਰਮ ਦਾ ਕੰਮਕਾਜ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਵੀ ਲਾਚਾਰ ਵਿਅਕਤੀ ਦੇ ਪਰਿਵਾਰ ਦਾ ਪਤਾ ਚੱਲਦਾ ਹੈ ਤਾਂ ਅਸੀਂ ਤੁਰੰਤ ਉਸ ਨਾਲ ਰਾਬਤਾ ਕਾਇਮ ਕਰਕੇ ਉਸਨੂੰ ਉਸਦੇ ਪਰਿਵਾਰ ਤੱਕ ਪਹੁੰਚਾਉਂਦੇ ਹਾਂ ਅਤੇ ਜੇਕਰ ਉਸ ਦਾ ਪਰਿਵਾਰ ਉਸ ਨੂੰ ਲਿਜਾਣ ਵਿਚ ਰਾਜ਼ੀ ਨਹੀਂ ਹੁੰਦਾ ਤਾਂ ਉਸ ਨੂੰ ਪੱਕੇ ਤੌਰ 'ਤੇ ਆਸ਼ਰਮ 'ਚ ਜਗ੍ਹਾ ਦਿੱਤੀ ਜਾਂਦੀ ਹੈ |