ਪੰਜਗਰਾੲੀਂ ਕਲਾਂ, 5 ਫ਼ਰਵਰੀ (ਸੁਖਮੰਦਰ ਸਿੰਘ ਬਰਾੜ)-ਪਿੰਡ ਦੇ ਪ੍ਰਵਾਸੀ ਭਾਰਤੀ ਗੁਰਚਰਨ ਸਿੰਘ ਯੂ.ਐਸ.ਏ. ਪੁੱਤਰ ਪ੍ਰੀਤਮ ਸਿੰਘ ਖਜ਼ਾਨਚੀ ਵਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਸਮਾਗਮ 'ਚ ਜਿੱਥੇ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਵਲੋਂ ਸ਼ਿਰਕਤ ਕੀਤੀ ਗਈ, ਉੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਵਿਸ਼ੇਸ਼ ਤੌਰ 'ਤੇ ਪੁੱਜੇ | ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਸਟਰ ਖਰੈਤੀ ਲਾਲ ਸ਼ਰਮਾ ਨੇ ਗੁਰਚਰਨ ਸਿੰਘ ਵਲੋਂ ਸਮਾਜ ਸੇਵਾ ਦੇ ਖੇਤਰ 'ਚ ਲੰਮੇ ਸਮੇਂ ਤੋਂ ਪਾਏ ਜਾ ਰਹੇ ਯੋਗਦਾਨ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਦੌਰਾਨ ਗੁਰਚਰਨ ਸਿੰਘ ਵਲੋਂ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸਰਕਾਰੀ ਪ੍ਰਾਇਮਰੀ ਸਕੂਲ ਮੁੱਖ ਸ਼ਾਖਾ, ਸਰਕਾਰੀ ਪ੍ਰਾਇਮਰੀ ਸਕੂਲ ਗਿੱਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੱਲਕੇ ਰੋਡ ਲਈ 11-11 ਹਜ਼ਾਰ ਦੀ ਰਾਸ਼ੀ ਅਤੇ ਪਿੰਡ ਦੇ ਲੋੜਵੰਦ ਸਵ. ਪੂਰਨ ਚੰਦ ਦੇ ਪਰਿਵਾਰ ਨੂੰ ਘਰ ਬਣਾਉਣ ਲਈ 11 ਹਜ਼ਾਰ ਦੀ ਰਾਸ਼ੀ ਦਿੱਤੀ ਗਈ | ਸੰਸਥਾਵਾਂ ਨੂੰ ਰਾਸ਼ੀ ਦੇਣ ਦੀ ਰਸਮ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਅਦਾ ਕੀਤੀ ਗਈ | ਸਪੀਕਰ ਸੰਧਵਾਂ ਨੇ ਗੁਰਚਰਨ ਸਿੰਘ ਯੂ.ਐਸ.ਏ. ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ | ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਇਸ ਤੋਂ ਪਹਿਲਾਂ ਵੀ ਪਿੰਡ ਦੇ ਸਕੂਲਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਲੱਖਾਂ ਰੁਪਏ ਦੀ ਸਹਾਇਤਾ ਦੇ ਚੁੱਕੇ ਹਨ | ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਕਿਸਾਨ ਯੂਨੀਅਨ ਦੇ ਆਗੂ ਸੁਖਮੰਦਰ ਸਿੰਘ ਬਰਾੜ, ਹਰਦੀਪ ਸਿੰਘ ਮੰਤਰੀ, ਪੰਚ ਜੋਗਿੰਦਰ ਸਿੰਘ ਬਰਾੜ, ਜਗਤਾਰ ਸਿੰਘ ਬਰਾੜ ਆਦਿ ਹਾਜ਼ਰ ਸਨ |