ਕੋਟਕਪੂਰਾ, 5 ਫ਼ਰਵਰੀ (ਮੋਹਰ ਸਿੰਘ ਗਿੱਲ)-ਸ਼ਹਿਰ ਦੀ ਇਕ ਔਰਤ ਨੇ ਪੁਲਿਸ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਸ ਦੀ ਲੜਕੀ ਦੀ ਉਮਰ ਕਰੀਬ 17 ਸਾਲ ਹੈ, ਜੋ ਕਿ ਸਥਾਨਕ ਸ਼ਹਿਰ 'ਚ ਇਕ ਨਿੱਜੀ ਸਕੂਲ ਵਿਚ 11ਵੀਂ ਜਮਾਤ ਵਿਚ ਪੜ੍ਹਦੀ ਹੈ | ਜੋ 9 ਵਜੇ ਸਵੇਰੇ ਘਰੋਂ ਆਟੋ 'ਤੇ ਸਵਾਰ ਹੋ ਕੇ ਸਕੂਲ ਲਈ ਗਈ ਸੀ | ਬਿਆਨਕਰਤਾ ਨੂੰ ਕਰੀਬ 1.00 ਵਜੇ ਉਸ ਦੀ ਵੱਡੀ ਲੜਕੀ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਸਕੂਲ ਤੋਂ ਘਰ ਵਾਪਸ ਨਹੀਂ ਆਈ ਹੈ | ਉਪਰੰਤ ਉਨ੍ਹਾਂ ਸਕੂਲ ਮੁਖੀ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹ ਸਵੇਰ ਤੋਂ ਹੀ ਸਕੂਲ ਨਹੀਂ ਗਈ | ਬਿਆਨਕਰਤਾ ਅਤੇ ਉਸ ਦੇ ਪਰਿਵਾਰ ਦੁਆਰਾ ਆਸ-ਪਾਸ ਤੋਂ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਮਨਜੋਤ ਸਿੰਘ ਨਾਮ ਦਾ ਲੜਕਾ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਤੇ ਲੈ ਗਿਆ ਹੈ | ਇਸ ਸਬੰਧ 'ਚ ਪੁਲਿਸ ਪਾਰਟੀ ਨੇ ਉਕਤ ਲੜਕੇ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |