ਸ੍ਰੀ ਮੁਕਤਸਰ ਸਾਹਿਬ, 20 ਫ਼ਰਵਰੀ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 1 ਸਥਿਤ ਅੰਬੇਡਕਰ ਨਗਰ ਦੇ ਲੋਕ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਸੀਵਰੇਜ਼ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ | ਗਲੀਆਂ ਵਿਚ ਲਗਾਤਾਰ ਗੰਦਾ ਪਾਣੀ ਭਰਿਆ ਰਹਿਣ ਕਾਰਨ ਲੋਕਾਂ ਦੀ ਆਮ ਜ਼ਿੰਦਗੀ ਪ੍ਰਭਾਵਿਤ ਹੋ ਗਈ ਹੈ | ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਦੇਣ ਤੇ ਧਰਨਾ ਲਗਾਉਣ ਦੇ ਬਾਵਜੂਦ ਕੋਈ ਢੁਕਵਾਂ ਹੱਲ ਨਹੀਂ ਹੋਇਆ, ਜਿਸ ਕਾਰਨ ਮੁਹੱਲਾ ਵਾਸੀਆਂ ਵਿਚ ਰੋਸ ਵਧਦਾ ਜਾ ਰਿਹਾ ਹੈ | ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ਼ ਦੀ ਸਹੀ ਸਫ਼ਾਈ ਨਾ ਹੋਣ ਕਾਰਨ ਅੰਬੇਡਕਰ ਨਗਰ ਦੀ ਲਗਪਗ ਸਭ ਗਲੀਆਂ ਵਿਚ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ | ਇਸ ਕਾਰਨ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਘਰ ਤੋਂ ਬਾਹਰ ਨਿਕਲਣ ਵਿਚ ਭਾਰੀ ਮੁਸ਼ਕਿਲ ਆਉਂਦੀ ਹੈ | ਕਈ ਵਾਰ ਬੱਚੇ ਸਕੂਲ ਜਾਂਦੇ ਸਮੇਂ ਫਿਸਲ ਕੇ ਗੰਦੇ ਪਾਣੀ ਵਿਚ ਡਿੱਗ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਵਰਦੀ ਤੇ ਕਿਤਾਬਾਂ ਖ਼ਰਾਬ ਹੋ ਜਾਂਦੀਆਂ ਹਨ ਅਤੇ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ | ਸਥਾਨਕ ਲੋਕ ਅਸ਼ੋਕ ਕੁਮਾਰ, ਨੰਦ ਕਿਸ਼ੋਰ, ਸੰਜੀਵ ਕੁਮਾਰ, ਸਰੋਜ ਰਾਣੀ, ਮਮਤਾ ਤੇ ਬਿਮਲਾ ਦੇਵੀ ਸਮੇਤ ਹੋਰ ਨਿਵਾਸੀਆਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਸ ਸਮੱਸਿਆ ਨੂੰ ਝੱਲ ਰਹੇ ਹਨ, ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਗਲੀਆਂ ਵਿਚ ਲਗਾਤਾਰ ਪਾਣੀ ਭਰਿਆ ਰਹਿਣ ਨਾਲ ਬਿਮਾਰੀਆਂ ਦਾ ਖ਼ਤਰਾ ਵੀ ਵਧ ਗਿਆ ਹੈ ਅਤੇ ਰਹਿਣ ਦਾ ਮਾਹੌਲ ਬਹੁਤ ਖ਼ਰਾਬ ਹੋ ਗਿਆ ਹੈ | ਲੋਕਾਂ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਕੋਟਕਪੂਰਾ ਰੋਡ 'ਤੇ ਧਰਨਾ ਦਿੱਤਾ ਸੀ | ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਲਦੀ ਸਫ਼ਾਈ ਕਰਵਾਉਣ ਅਤੇ ਸਮੱਸਿਆ ਖ਼ਤਮ ਕਰਨ ਦਾ ਭਰੋਸਾ ਦਿੱਤਾ ਸੀ, ਪਰ ਇਕ ਸਾਲ ਬੀਤਣ ਦੇ ਬਾਵਜੂਦ ਹਾਲਾਤ ਨਹੀਂ ਬਦਲੇ | ਮੁਹੱਲਾ ਵਾਸੀ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਕੋਈ ਸਥਾਈ ਹੱਲ ਨਹੀਂ ਨਿਕਲਿਆ | ਮੁਹੱਲਾ ਵਾਸੀਆਂ ਦਾ ਦੋਸ਼ ਹੈ ਕਿ ਚੋਣਾਂ ਤੋਂ ਪਹਿਲਾਂ ਆਗੂ ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਜਿੱਤਣ ਤੋਂ ਬਾਅਦ ਕੋਈ ਵੀ ਉਨ੍ਹਾਂ ਦੀ ਸਮੱਸਿਆ ਦੇਖਣ ਨਹੀਂ ਆਉਂਦਾ | ਉਨ੍ਹਾਂ ਦਾ ਕਹਿਣਾ ਹੈ ਕਿ ਸੀਵਰੇਜ਼ ਦੇ ਗੰਦੇ ਪਾਣੀ ਨਾਲ ਗਲੀਆਂ ਦਾ ਖੜਵੰਜਾ ਟੁੱਟ ਚੁੱਕਾ ਹੈ, ਜਿਸ ਕਾਰਨ ਰੋਜ਼ਾਨਾ ਆਉਣ-ਜਾਣ ਵਿਚ ਦਿੱਕਤ ਹੁੰਦੀ ਹੈ ਅਤੇ ਕਈ ਵਾਰ ਝਗੜੇ ਦੀ ਸਥਿਤੀ ਵੀ ਬਣ ਜਾਂਦੀ ਹੈ | ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੱਲ ਨਾ ਹੋਇਆ ਤਾਂ ਉਹ ਆਉਣ ਵਾਲੀਆਂ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਦਾ ਬਾਇਕਾਟ ਕਰਨਗੇ | ਇਸ ਸੰਬੰਧੀ ਵਾਰਡ ਨੰਬਰ 1 ਦੀ ਐੱਮ.ਸੀ. ਦੇ ਪਤੀ ਜਗਮੀਤ ਸਿੰਘ ਗੋਰਾ ਨੇ ਕਿਹਾ ਕਿ ਇਲਾਕੇ ਦੀ ਸੀਵਰੇਜ਼ ਪਾਈਪ ਲਾਈਨ ਨੂੰ ਮੁੱਖ ਲਾਈਨ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ | ਪਾਈਪ ਲਾਈਨ ਜੁੜਨ ਤੋਂ ਬਾਅਦ ਸੀਵਰੇਜ਼ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਗਲੀਆਂ ਵਿਚ ਇੰਟਰਲਾਕਿੰਗ ਕਰ ਦਿੱਤੀ ਜਾਵੇਗੀ, ਤਾਂ ਜੋ ਭਵਿੱਖ ਵਿਚ ਕਿਸੇ ਵੀ ਨਿਵਾਸੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |