ਸਾਦਿਕ, 21 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਸਾਦਿਕ ਦੇ ਜੰਡ ਸਾਹਿਬ ਰੋਡ 'ਤੇ ਇਕ ਖਾਲੀ ਪਲਾਟ 'ਚ ਮਨਪ੍ਰੀਤ ਸਿੰਘ ਨਾਂਅ ਦੇ ਵਿਅਕਤੀ ਦੇ ਖੇਡ ਰਹੇ ਬੱਚੇ 'ਤੇ ਅਚਾਨਕ 10-12 ਲਾਵਾਰਿਸ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਬੱਚੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ | ਇਸ ਦੌਰਾਨ ਦੋ ਨੌਜਵਾਨਾਂ ਗਗਨ ਅਤੇ ਸਮਾਇਲ ਨੇ ਰੌਲਾ ਸੁਣ ਕੇ ਹਿੰਮਤ ਜੁਟਾਉਂਦਿਆਂ ਬੱਚੇ ਨੂੰ ਇਨ੍ਹਾਂ ਕੁੱਤਿਆਂ ਦੇ ਚੁੰਗਲ 'ਚੋਂ ਕੱਢ ਕੇ ਬੱਚੇ ਦੇ ਜਾਨ ਬਚਾਈ | ਇੱਥੇ ਵਰਨਣਯੋਗ ਹੈ ਕਿ ਇਸ ਰੋਡ 'ਤੇ ਨਜ਼ਦੀਕ ਹੀ ਹੱਡਾਰੋੜੀ ਹੈ, ਜਿੱਥੇ ਲਾਵਾਰਿਸ ਕੁੱਤਿਆਂ ਦਾ ਝੁੰਡ ਰਹਿੰਦੇ ਹਨ ਅਤੇ ਗਾਹੇ ਬਗਾਹੇ ਖੇਤ ਬੰਨੇ ਜਾਣ ਵਾਲੇ ਲੋਕਾਂ ਨੂੰ ਵੀ ਪੈਂਦੇ ਹਨ | ਇਸ ਘਟਨਾ ਤੋਂ ਬਾਅਦ ਇਸ ਇਲਾਕੇ 'ਚ ਰਹਿਣ ਵਾਲੇ ਬੱਚਿਆਂ ਦੇ ਮਾਪਿਆਂ 'ਚ ਡਰ ਪਾਇਆ ਜਾ ਰਿਹਾ ਹੈ | ਉਨ੍ਹਾਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਲਾਵਾਰਿਸ ਕੁੱਤਿਆਂ ਦਾ ਆਤੰਕ ਦਿਨ ਬ ਦਿਨ ਵਧ ਰਿਹਾ ਹੈ | ਇਸ ਲਈ ਇਕ ਤਾਂ ਇਸ ਰਿਹਾਇਸ਼ੀ ਇਲਾਕੇ ਤੋਂ ਬਦਲ ਕੇ ਹੱਡਾਰੋੜੀ ਦੂਰ ਕੀਤੀ ਜਾਵੇ ਅਤੇ ਕੁੱਤਿਆਂ ਦੀ ਵੱਧ ਰਹੀ ਜਨ ਸੰਖਿਆ 'ਤੇ ਵੀ ਕਾਬੂ ਪਾਇਆ ਜਾਵੇ |