ਜੈਤੋ, 21 ਫ਼ਰਵਰੀ (ਗੁਰਮੀਤਪਾਲ ਰੋੜੀਕਪੂਰਾ)-ਬੀਤੇ ਦਿਨੀਂ ਅਦਾਕਾਰ ਰਾਣਾ ਰਣਬੀਰ ਵਲੋਂ ਲਿਖੇ ਅਤੇ ਮੰਚਿਤ ਨਾਟਕ 'ਬੰਦੇ ਬਣੋ ਬੰਦੇ' ਦਾ ਪ੍ਰਦਰਸ਼ਨ ਰਾਮਲੀਲ੍ਹਾ ਗਰਾਊਾਡ ਜੈਤੋ ਵਿਖੇ ਲੋਕ ਰੰਗ ਮੰਚ ਜੈਤੋ ਵਲੋਂ ਪ੍ਰਧਾਨ ਜਸਵਿੰਦਰ ਸਿੰਘ ਬਰਾੜ (ਯੂ.ਐਸ.ਏ.) ਦੀ ਅਗਵਾਈ ਹੇਠ ਕਰਵਾਇਆ ਗਿਆ | ਨਾਟਕ ਦੀ ਸ਼ੁਰੂਆਤ ਕਰਦਿਆਂ ਰਾਣਾ ਰਣਬੀਰ ਨੇ ਸਭ ਤੋਂ ਪਹਿਲਾਂ ਪਦਮਸ੍ਰੀ ਅਤੇ ਗਿਆਨ ਪੀਠ ਐਵਾਰਡ ਨਾਲ ਸਨਮਾਨਿਤ ਮਹਾਨ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦੀ ਵਿਸ਼ਵ ਪੱਧਰੀ ਸਾਹਿਤਕ ਦੇਣ ਨੂੰ ਸਿਜਦਾ ਕੀਤਾ | ਉਨ੍ਹਾਂ ਮਹਾਨ ਗ਼ਜ਼ਲਗੋ ਦੀਪਕ ਜੈਤੋਈ, ਨਾਟਕਕਾਰ ਪਾਲੀ ਭੁਪਿੰਦਰ ਸਿੰਘ ਅਤੇ ਨਾਟਕ ਨਿਰਦੇਸ਼ਕ ਕੀਰਤੀ ਕਿਰਪਾਲ ਦੀ ਕਲਾ-ਸਿਰਜਣਾ ਨੂੰ ਵੀ ਨਮਨ ਕੀਤਾ | ਇਸ ਨਾਟਕ ਨੂੰ ਦੇਖਣ ਲਈ ਨਾਵਲਕਾਰ ਗੁਰਦਿਆਲ ਸਿੰਘ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ | ਪਰਿਵਾਰ ਵਿਚ ਉਨ੍ਹਾਂ ਦੀਆਂ ਦੋ ਧੀਆਂ, ਜਵਾਈ ਪ੍ਰੋਫੈਸਰ ਜਲੌਰ ਸਿੰਘ ਖੀਵਾ ਅਤੇ ਪੁੱਤਰ ਰਵਿੰਦਰ ਸਿੰਘ ਰਾਹੀ ਸ਼ਾਮਿਲ ਸਨ | ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਪੰਜਾਬੀ ਸਾਹਿਤ ਦੇ ਸਿਰਜਣਹਾਰ ਗੁਰਦਿਆਲ ਸਿੰਘ ਦੇ ਉੱਚ-ਸਿੱਖਿਆ ਪ੍ਰਾਪਤ ਪਰਿਵਾਰਕ ਮੈਂਬਰਾਂ ਨੂੰ ਮੋਹਰਲੀਆਂ ਕਤਾਰਾਂ ਵਿਚ ਬਿਠਾ ਕੇ ਵਿਸ਼ੇਸ਼ ਸਤਿਕਾਰ ਦਿੱਤਾ ਜਾਣਾ ਚਾਹੀਦਾ ਸੀ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੁਝ ਪ੍ਰਬੰਧਕਾਂ ਵਲੋਂ ਕਲਾ ਤੇ ਸਾਹਿਤ ਦੀ ਥਾਂ ਕਮਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜੋ ਕਿ ਦੁੱਖਦਾਈ ਹੈ ਅਤੇ ਕਲਾ-ਪ੍ਰੇਮੀ ਵਰਗ ਨੂੰ ਆਹਤ ਕਰਦੀ ਹੈ |