ਮੁਕਤ ਵਪਾਰ ਸਮਝੌਤਾ ਭਾਰਤੀਆਂ ਦੀ ਆਰਥਿਕ ਮੌਤ ਦਾ ਸਾਧਨ ਬਣੇਗਾ: ਸੇਵੇਵਾਲਾ
ਮੰਡੀ ਕਿੱਲਿਆਂਵਾਲੀ, 22 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਮਗਨਰੇਗਾ ਦੀ ਮੁੜ ਬਹਾਲੀ, ਬਿਜਲੀ ਸੋਧ ਬਿੱਲ, ਲੇਬਰ ਕੋਡ ਤੇ ਨਿੱਜੀਕਰਨ ਖਿਲਾਫ਼ 90 ਜਥੇਬੰਦੀਆਂ ਦੇ ਸੂਬਾਈ ਸੱਦੇ 'ਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਵਲੋਂ ਅੱਜ ਪਿੰਡ ਬਾਦਲ ਵਿਖੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਘਰ ਮੂਹਰੇ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਮਨਪ੍ਰੀਤ ਸਿੰਘ ਬਾਦਲ ਘਰ ਮੌਜੂਦ ਨਹੀਂ ਸਨ | ਭਾਕਿਯੂ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਕਿਯੂ ਡਕੌਂਦਾ, ਕੁਲ ਹਿੰਦ ਕਿਸਾਨ ਸਭਾ ਸਮੇਤ ਕਈ ਜਥੇਬੰਦੀਆਂ ਦੇ ਆਗੂ ਹਰਬੰਸ ਸਿੰਘ ਕੋਟਲੀ, ਗੁਰਦੀਪ ਖੁੱਡੀਆਂ, ਭੁਪਿੰਦਰ ਚਨੂੰ, ਮਲਕੀਤ ਗੱਗੜ ਅਤੇ ਬਚਿੱਤਰ ਸਿੰਘ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਅਮਰੀਕਾ ਜਿਹੇ ਮੁਲਕਾਂ ਦੇ ਹਿੱਤਾਂ ਅਨੁਸਾਰ ਵਿਕਾਸ ਅਤੇ ਵਪਾਰਵਾਦ ਦੇ ਨਾਂਅ 'ਤੇ ਮਿਹਨਤਕਸ਼ ਵਰਗਾਂ ਨੂੰ ਕਿਰਤ ਤੇ ਰੁਜ਼ਗਾਰ ਪੱਖੋਂ ਕੁਚਲਣ ਵਾਲੇ ਫ਼ੈਸਲੇ ਲੈ ਰਹੀ ਹੈ | ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸੇਵੇਵਾਲਾ ਨੇ ਕਿਹਾ ਕਿ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਭਾਰਤੀ ਲੋਕਾਂ ਦੀ ਆਰਥਿਕ ਮੌਤ ਦਾ ਸਾਧਨ ਬਣੇਗਾ | ਉਨ੍ਹਾਂ ਕਿਹਾ ਕਿ ਦੇਸ਼ ਪੱਧਰ 'ਤੇ ਰੁਜ਼ਗਾਰ ਦਾ ਸੋਕਾ ਪੈ ਜਾਵੇਗਾ | ਭਾਕਿਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਦਲੀਲ ਦਿੱਤੀ ਕਿ ਭਾਰਤੀ ਉਤਪਾਦਾਂ 'ਤੇ 18 ਫ਼ੀਸਦ ਟੈਕਸ ਅਤੇ ਵਿਦੇਸ਼ੀ ਵਸਤੂਆਂ 'ਤੇ ਜ਼ੀਰੋ ਡਿਊਟੀ ਇਕਸਾਰਤਾ ਦੇ ਖਿਲਾਫ਼ ਹੈ | ਉਨ੍ਹਾਂ ਕਿਹਾ ਕਿ ਭਾਰਤ ਦਾ ਸਾਲਾਨਾ ਬਜਟ ਕਰੀਬ 600 ਅਰਬ ਡਾਲਰ ਹੈ, ਜਦਕਿ ਅਮਰੀਕਾ ਨਾਲ ਵਪਾਰ 500 ਅਰਬ ਡਾਲਰ ਦੱਸਿਆ ਜਾ ਰਿਹਾ, ਜਿਸ ਨਾਲ ਵੱਡਾ ਮੁਨਾਫ਼ਾ ਵਿਦੇਸ਼ ਜਾਵੇਗਾ | ਖੇਤ ਮਜ਼ਦੂਰ ਆਗੂ ਕਾਲਾ ਸਿੰਘ ਖੂੰਨਣ ਕਲਾਂ ਨੇ ਕਿਹਾ ਕਿ ਖੇਤੀ ਭਾਰਤ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸਨੂੰ ਸਾਮਰਾਜੀ ਤਾਕਤਾਂ ਦੇ ਹੱਥ ਸੌਂਪ ਕੇ ਦੇਸ਼ ਨੂੰ ਮੁੜ ਗੁਲਾਮ ਬਣਾਇਆ ਜਾ ਰਿਹਾ ਹੈ | ਜੀਵੀਰਾਮ ਜੀ ਕਾਰਡ ਦੀ ਮਿਆਦ ਪੰਜ ਸਾਲ ਤੋਂ ਘਟਾ ਕੇ ਤਿੰਨ ਸਾਲ ਕਰ ਦਿੱਤੀ ਗਈ ਹੈ ਅਤੇ ਸ਼ਰਤਾਂ ਸਖਤ ਕੀਤੀਆਂ ਗਈਆਂ ਹਨ | ਬਿਜ਼ਲੀ ਆਗੂ ਸੱਤਪਾਲ ਬਾਦਲ ਅਤੇ ਪੈਸ਼ਨਰਜ਼ ਐਸੋਸੀਏਸ਼ਨ ਦੇ ਆਗੂ ਦਿਲਾਵਰ ਸਿੰਘ ਨੇ ਕਿਹਾ ਕਿ ਬਿਜਲੀ ਨਿੱਜੀਕਰਨ ਤੇ ਨਿੱਜੀਕਰਨ ਨਾਲ ਜਨਤਾ 'ਤੇ ਵਾਧੂ ਬੋਝ ਪਵੇਗਾ | ਇਸ ਮੌਕੇ ਜਿਉਂਦ ਵਿਚ ਕਿਸਾਨਾਂ 'ਤੇ ਲਾਠੀਚਾਰਜ ਮਾਮਲੇ ਵਿਚ ਬਠਿੰਡਾ ਦੇ ਪੁਲਿਸ ਮੁਖੀ ਜਯੋਤੀ ਯਾਦਵ ਖਿਲਾਫ਼ ਮੁਕੱਦਮਾ ਦਰਜ ਕਰਕੇ ਮੁਅੱਤਲੀ ਦੀ ਮੰਗ ਕੀਤੀ ਗਈ | ਇਸ ਮੌਕੇ ਪਾਲਾ ਸਿੰਘ ਕਿੱਲਿਆਂਵਾਲੀ, ਦਲਜੀਤ ਮਿੱਠੜੀ, ਪ੍ਰਕਾਸ਼ ਚਨੂੰ, ਗੁਰਵਿੰਦਰ ਕੌਰ ਮਿੱਠੜੀ, ਸੁਖਬੀਰ ਸ਼ਰਮਾ, ਕਾਲਾ ਸਿੰਘ ਸਿੰਘੇਵਾਲਾ, ਤਰਸੇਮ ਸਿੰਘ ਅਤੇ ਰਾਮਪਾਲ ਸਿੰਘ ਗੱਗੜ ਵੀ ਮੌਜੂਦ ਸਨ |
ਸੰਯੁਕਤ ਕਿਸਾਨ ਮੋਰਚੇ ਵਲੋਂ ਮਨਪ੍ਰੀਤ ਸਿੰਘ ਬਾਦਲ ਦੇ ਘਰ ਮੂਹਰੇ ਰੋਸ ਪ੍ਰਰਦਸ਼ਨ
ਅਜੀਤ ਡੈਸਕ
23-02-2026