ਜੈਤੋ, 23 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਸੀਵਰੇਜ ਬੋਰਡ ਵਲੋਂ ਸੀਵਰੇਜ ਪਾਈਪਾਂ ਪਾਉਣ ਲਈ ਪ੍ਰੀਮਿਕਸ ਵਾਲੀ ਸੜਕ ਨੂੰ ਕਈ ਸਾਲਾਂ ਪਹਿਲਾਂ ਪੁੱਟ ਦਿੱਤਾ ਗਿਆ | ਉਪਰੰਤ ਨਾ ਤਾਂ ਸੜਕਾਂ ਪੁੱਟਣ ਵਾਲੇ ਸੀਵਰੇਜ ਬੋਰਡ ਮਹਿਕਮੇ ਨੇ ਸਾਰ ਲਈ ਅਤੇ ਨਾ ਹੀ ਪੰਜਾਬ ਸਰਕਾਰ ਨੇ ਸੜਕ ਬਣਾਉਣ ਲਈ ਕੋਈ ਉਪਰਾਲਾ ਕੀਤਾ | ਸਥਾਨਕ ਗੁਰਦੁਆਰਾ ਟਿੱਬੀ ਸਾਹਿਬ ਦੇ ਮਗਰੋਂ ਦੀ ਲੰਘਦੀ ਤੇ ਕਈ ਪਿੰਡਾਂ ਨੂੰ ਮਿਲਾਉਣ ਵਾਲੀ ਸੜਕ ਨੂੰ ਪੁੱਟ ਕੇ ਸੁੱਟ ਤਾਂ ਦਿੱਤਾ ਪਰ ਸੜਕ ਨੂੰ ਬਣਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ | ਲੋਕਾਂ ਦੇ ਮੁਤਾਬਿਕ ਲੰਘੀ ਕਾਂਗਰਸ ਸਰਕਾਰ ਵੇਲੇ ਸੀਵਰੇਜ ਬੋਰਡ ਨੇ ਨਵੀਂਆਂ ਪਾਈਪਾਂ ਪਾਉਣ ਮੌਕੇ ਇਸ ਸੜਕ ਨੂੰ ਪੁੱਟ ਦਿੱਤਾ ਸੀ ਪਰ ਨਾ ਤਾਂ ਕਾਂਗਰਸ ਸਰਕਾਰ ਨੇ ਸਾਰ ਲਈ ਅਤੇ ਨਾ ਹੀ 4 ਸਾਲ ਦਾ ਸਮਾਂ ਲੰਘਣ ਉਪਰੰਤ ਆਪ ਸਰਕਾਰ ਨੇ ਸੜਕ ਨੂੰ ਬਣਾਉਣ ਲਈ ਕੋਈ ਵੀ ਉਪਰਾਲਾ ਕੀਤਾ | ਜਿਸ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਕਿਉਂਕਿ ਪ੍ਰੀਮਿਕਸ ਵਾਲੀ ਸੜਕ ਵਧੀਆ ਸੜਕ ਅੱਜਕੱਲ੍ਹ ਕੱਚੇ ਰਾਹਾਂ ਤੋਂ ਵੀ ਭੈੜੀ ਬਣ ਚੁੱਕੀ ਹੈ ਤੇ ਕੋਈ ਰਾਹਗੀਰ ਇਸ ਰਸਤੇ ਵਲੋਂ ਮੂੰਹ ਨਹੀਂ ਕਰਦਾ | ਜੇਕਰ ਕੋਈ ਭੁੱਲਿਆ ਚੁੱਕਿਆ ਰਾਹਗੀਰ ਆ ਵੀ ਜਾਂਦਾ ਹੈ ਤਾਂ ਉਸ ਦੇ ਕੱਪੜੇ ਤੇ ਮੂੰਹ ਮਿੱਟੀ ਨਾਲ ਭਰ ਜਾਂਦੇ ਹਨ | ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਨੂੰ ਤੁਰੰਤ ਬਣਾਇਆ ਜਾਵੇ ਤਾਂ ਜੋ ਕਿ ਰਾਹਗੀਰਾਂ ਨੂੰ ਸੁਖਾਲਾ ਹੋ ਸਕੇ |