ਫ਼ਰੀਦਕੋਟ, 23 ਫ਼ਰਵਰੀ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਸੰਬੰਧੀ ਪਿੰਡਾਂ ਵਿਚ ਕੀਤੀ ਜਾ ਰਹੀ ਗਸ਼ਤ ਤੇ ਚੈਕਿੰਗ ਦੌਰਾਨ ਪਿੰਡ ਅਰਾਈਆਂਵਾਲਾ ਕਲਾਂ ਤੋਂ ਪਿੰਡ ਬੁਰਜ ਮਸਤਾ ਰਸਤੇ ਵਿਚ ਪੁਲ ਸੇਮਨਾਲਾ ਨਾਕਾਬੰਦੀ ਕੀਤੀ ਹੋਈ ਸੀ ਤਾਂ ਬੁਰਜ ਮਸਤਾ ਵਲੋਂ ਆ ਰਹੇ ਅਸ਼ਵਨੀ ਉਰਫ਼ ਅੱਛੀ ਪੁੱਤਰ ਮਲੂਕ ਸਿੰਘ ਅਤੇ ਗੁਰਜਿੰਦਰ ਸਿੰਘ ਉਰਫ਼ ਜੀਵਨ ਪੁੱਤਰ ਤਰਸੇਮ ਸਿੰਘ ਵਾਸੀ ਅਰਾਈਆਂ ਵਾਲਾ ਕਲਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਉਨ੍ਹਾਂ ਪਾਸੋਂ ਕਥਿਤ ਤੌਰ 'ਤੇ 50 ਪਾਬੰਦੀਸ਼ੁਦਾ ਨਸ਼ੇ ਦੀਆਂ ਚਿੱਟੇ ਰੰਗ ਦੀਆਂ ਖੁੱਲ੍ਹੀਆਂ ਗੋਲੀਆਂ ਬਰਾਮਦ ਕੀਤੀਆਂ | ਇਸੇ ਤਰ੍ਹਾਂ ਹੀ ਥਾਣੇਦਾਰ ਚਮਕੌਰ ਸਿੰਘ ਵਲੋਂ ਪਿੰਡ ਗੋਲੇਵਾਲਾ ਤੋਂ ਤਰਸੇਮ ਸਿੰਘ ਉਰਫ਼ ਰਿੰਕੂ ਪੁੱਤਰ ਮੁਖਤਿਆਰ ਸਿੰਘ ਵਾਸੀ ਰਾਜੋਵਾਲਾ ਨੂੰ ਕਾਬੂ ਕਰਕੇ ਉਸ ਪਾਸੋਂ ਕਥਿਤ ਤੌਰ 'ਤੇ 18 ਪਾਬੰਦੀਸ਼ੁਦਾ ਨਸ਼ੇ ਦੀਆਂ ਚਿੱਟੇ ਰੰਗ ਦੀਆਂ ਗੋਲੀਆਂ ਬਰਾਮਦ ਕੀਤੀਆਂ | ਪੁਲਿਸ ਵਲੋਂ ਤਿੰਨਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ, ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |