ਫ਼ਰੀਦਕੋਟ-ਪੁਲਿਸ ਵਲੋਂ ਅੱਜ ਸਰਕਾਰੀ ਬਿ੍ਜਿੰਦਰਾ ਕਾਲਜ ਵਿਖੇ ਕਰਵਾਏ ਗਏ ਨਸ਼ਿਆਂ ਵਿਰੁੱਧ ਵਿਸ਼ੇਸ਼ ਸੰਪਰਕ ਸਮਾਗਮ 'ਚ ਉਸ ਸਮੇਂ ਸਮਾਗਮ ਦਾ ਰੰਗ ਫ਼ਿੱਕਾ ਪੈ ਗਿਆ ਜਦੋਂ ਵਿਦਿਆਰਥੀ ਆਗੂ ਨੇ ਭਰੇ ਪੰਡਾਲ 'ਚ ਪੁਲਿਸ ਦੇ ਦੋ ਸੀਨੀਅਰ ਅਧਿਕਾਰੀਆਂ ਸਾਹਮਣੇ ਬੇਬਾਕ ਸਵਾਲਬਾਜ਼ੀ ਕਰਦਿਆਂ ਦੋਸ਼ ਲਗਾਏ ਕਿ ਨਸ਼ਿਆਂ 'ਚ ਸ਼ਾਮਿਲ ਪੁਲਿਸ ਮੁਲਾਜ਼ਮਾਂ ਵਿਰੁੱਧ ਪੁਲਿਸ ਨੇ ਕੀ ਕਾਰਵਾਈ ਕੀਤੀ? ਨਸ਼ਿਆਂ ਦੇ ਖਿਲਾਫ਼ ਪੁਲਿਸ ਵਲੋਂ ਪੇਸ਼ ਕੀਤੀ ਜਾ ਰਹੀ ਕਾਰਗੁਜ਼ਾਰੀ ਦੌਰਾਨ ਵਿਦਿਆਰਥੀਆਂ ਨਾਲ ਰੂਬਰੂ ਹੋ ਰਹੇ ਪੁਲਿਸ ਅਫ਼ਸਰਾਂ ਨੂੰ ਉਸ ਵੇਲੇ ਕੋਈ ਜਵਾਬ ਨਾ ਆਇਆ ਜਦੋਂ ਇਕ ਵਿਦਿਆਰਥੀ ਆਗੂ ਨੇ ਐਸ.ਐਸ.ਪੀ ਫ਼ਰੀਦਕੋਟ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਹੀ ਸਵਾਲ ਖੜੇ ਕਰ ਦਿੱਤੇ | ਜਿਥੇ ਉਸਨੇ ਜਵਾਬ ਮੰਗਦਿਆਂ ਕਿਹਾ ਕਿ ਰਾਜਨੀਤਿਕ ਲੋਕਾਂ ਦੇ ਨਜ਼ਦੀਕੀਆਂ ਦਾ ਅਤੇ ਇਕ ਪੁਲਿਸ ਮੁਲਾਜ਼ਮ ਦਾ ਨਸ਼ੇ ਦੇ ਮਾਮਲੇ 'ਚ ਨਾਮ ਆਉਣ ਦੇ ਬਾਵਜੂਦ ਵੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਇੱਥੋਂ ਤੱਕ ਕੇ ਨਸ਼ਿਆਂ ਨੂੰ ਲੈ ਕੇ ਸ਼ਿਕਾਇਤ ਕਰਨ ਵਾਲੇ ਨੂੰ ਹੀ ਉਲਟਾ ਪੁਲਿਸ ਅਤੇ ਨਸ਼ਾ ਤਸਕਰ ਧਮਕੀਆਂ ਦੇ ਰਹੇ ਹਨ ਪਰ ਦੂਜੇ ਪਾਸੇ ਪੁਲਿਸ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੀ ਨਜ਼ਰ ਆਈ |