ਜੈਤੋ, 25 ਫ਼ਰਵਰੀ (ਗੁਰਮੀਤਪਾਲ ਰੋੜੀਕਪੂਰਾ)-ਸਮਾਜ ਸੇਵੀ ਅਤੇ ਭਾਜਪਾ ਆਗੂ ਡਾ. ਰਮਨਦੀਪ ਸਿੰਘ ਜੈਤੋ ਨੇ ਹਰਿਆਣਾ ਸਰਕਾਰ ਦੇ ਮੰਤਰੀ ਕਿ੍ਸ਼ਨ ਕੁਮਾਰ ਬੇਦੀ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ | ਇਸ ਦੌਰਾਨ ਸਮਾਜਿਕ ਨਿਆਂ, ਸਸ਼ਕਤੀ ਕਰਨ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਵਰਗਾਂ ਦੀ ਭਲਾਈ ਨਾਲ ਸੰਬੰਧਿਤ ਮੁੱਦਿਆਂ 'ਤੇ ਵਿਸਤਿ੍ਤ ਵਿਚਾਰ-ਵਟਾਂਦਰਾ ਕੀਤਾ ਗਿਆ | ਡਾ. ਜੈਤੋ ਨੇ ਕਿਹਾ ਕਿ ਮੰਤਰੀ ਦੀ ਦੂਰਦਰਸ਼ੀ ਸੋਚ ਅਤੇ ਵਚਨਬੱਧਤਾ ਸਮਾਜਿਕ ਬਦਲਾਅ ਲਈ ਪ੍ਰੇਰਣਾ ਦਾਇਕ ਹੈ | ਉਨ੍ਹਾਂ ਵਲੋਂ ਪ੍ਰਾਪਤ ਮਾਰਗਦਰਸ਼ਨ ਨੇ ਜਨਸੇਵਾ ਪ੍ਰਤੀ ਆਪਣੇ ਸੰਕਲਪ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ | ਇਸ ਮੌਕੇ ਉਨ੍ਹਾਂ ਦੇ ਵੱਡੇ ਭਰਾ ਦੀਪ ਚੰਡਾਲੀਆ ਵੀ ਮੌਜੂਦ ਸਨ | ਅੰਤਰਰਾਸ਼ਟਰੀ ਚੰਡਾਲੀਆ ਵਾਲਮੀਕ ਵਾਦ ਦੀ ਟੀਮ ਵਲੋਂ ਘਰ-ਘਰ ਸੰਵਿਧਾਨ ਮੁਹਿੰਮ ਤਹਿਤ ਸੰਵਿਧਾਨ ਦੀ ਪ੍ਰਤੀ ਭੇਟ ਕਰਕੇ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ | ਇਹ ਉਪਰਾਲਾ ਸੰਵਿਧਾਨਕ ਮੁੱਲਾਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਲੋਕ ਤੰਤਰਿਕ ਚੇਤਨਾ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਡਾ. ਰਮਨਦੀਪ ਸਿੰਘ ਜੈਤੋ ਨੇ ਦੱਸਿਆ ਕਿ ਦੀਪ ਚੰਡਾਲੀਆ ਦੇ ਸੰਗਠਨ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ 6000 ਤੋਂ ਵੱਧ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਸ ਨਾਲ ਭਾਈਚਾਰੇ, ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਉਦੇਸ਼ ਨੂੰ ਮਜ਼ਬੂਤੀ ਮਿਲੀ ਹੈ ਅਤੇ ਸੰਵਿਧਾਨਕ ਪ੍ਰਣਾਲੀ ਪ੍ਰਤੀ ਜਾਗਰੂਕਤਾ ਵਧੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਮਾਜ ਦਾ ਹਿੱਸਾ ਹੋਣ 'ਤੇ ਮਾਣ ਹੈ ਅਤੇ ਉਹ ਸਮਾਜ ਦੀ ਤਰੱਕੀ, ਸਨਮਾਨ ਅਤੇ ਅਧਿਕਾਰਾਂ ਲਈ ਸੰਵਿਧਾਨਕ ਰਾਹ 'ਤੇ ਡਟ ਕੇ ਕੰਮ ਕਰਦੇ ਰਹਿਣਗੇ |