ਸ੍ਰੀ ਮੁਕਤਸਰ ਸਾਹਿਬ, 3 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਸੂਬਾ ਕਮੇਟੀ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡੀਪੂ ਦੇ ਗੇਟ 'ਤੇ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਭਰਵੀਂ ਗੇਟ ਰੈਲੀ ਕੀਤੀ ਗਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਜੰਟ ਸਿੰਘ ਕੋਕਰੀ ਕਲਾਂ ਸ਼ਾਮਿਲ ਹੋਏ | ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਹੋਏ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਟਰਾਂਸਪੋਰਟ ਅਦਾਰੇ ਪ੍ਰਤੀ ਸੰਜੀਦਾ ਨਹੀਂ ਹੈ, ਛੋਟੇ-ਛੋਟੇ ਸਪਰੇਅ ਪਾਰਟਸ ਤੋਂ ਬਿਨ੍ਹਾਂ ਨਵੀਂਆਂ ਗੱਡੀਆਂ ਅਕਸਰ ਹੀ ਡੀਪੂ ਵਿਚ ਖੜ੍ਹੀਆਂ ਰਹਿੰਦੀਆਂ ਹਨ | ਡਾਇਰੈਕਟਰ ਦਫ਼ਤਰ ਵਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਡਾਇਰੈਕਟਰ ਦਫ਼ਤਰ ਵਲੋਂ ਰੋਡਵੇਜ਼/ਪਨਬਸ ਮੁਲਾਜ਼ਮਾਂ ਦੇ ਰੁਟੀਨ ਵਿਚ ਕੀਤੇ ਜਾਣ ਵਾਲੇ ਕੰਮ ਨਹੀਂ ਕੀਤੇ ਜਾ ਰਹੇ | ਯੂਨੀਅਨ ਦੇ ਸਟੇਟ ਕਮੇਟੀ ਵਲੋਂ ਟਰਾਂਸਪੋਰਟ ਮੰਤਰੀ ਦੇ ਹਲਕੇ ਪੱਟੀ ਵਿਖੇ 7 ਮਾਰਚ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਦੀ ਤਿਆਰੀ ਲਈ ਬੁਲਾਰਿਆਂ ਨੇ ਵਿਸ਼ੇਸ ਧਿਆਨ ਦੇਣ ਦੀ ਗੱਲ ਕੀਤੀ | ਇਸ ਮੌਕੇ ਡੀਪੂ ਦੇ ਪ੍ਰਧਾਨ ਜਸਕਰਨ ਸਿੰਘ, ਪੰਜਾਬ ਪੈਨਸ਼ਨਰਜ਼ ਯੂਨੀਅਨ ਮੁਕਤਸਰ ਦੇ ਜਨਰਲ ਸਕੱਤਰ ਹਰਭਗਵਾਨ, ਫ਼ਿਰੋਜ਼ਪਰ ਡੀਪੂ ਤੋਂ ਸਾਥੀਆਂ ਸਮੇਤ ਪਹੁੰਚੇ ਯੂਨੀਅਨ ਆਗੂ ਸਾਥੀ ਉਂਕਾਰ ਸਿੰਘ, ਮੋਗਾ ਡੀਪੂ ਦੇ ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ ਅਤੇ ਗੁਰਜੰਟ ਸਿੰਘ ਕੋਕਰੀ ਨੇ ਸੰਬੋਧਨ ਕੀਤਾ | ਇਸ ਮੌਕੇ ਸਾਥੀ ਗੁਰਦਰਸ਼ਨ ਸਿੰਘ ਢਿੱਲੋਂ, ਮਲਕੀਤ ਸਿੰਘ ਥਾਂਦੇਵਾਲਾ, ਸੁਖਜਿੰਦਰ ਸਿੰਘ ਖਾਰਾ, ਗੰਗਾ ਰਾਮ ਬਰੀਵਾਲਾ, ਕਿ੍ਸ਼ਨ ਕੁਮਾਰ, ਗੁਰਜੀਤ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ |